A monkey disturbed the Jalandhar : ਜਲੰਧਰ ਵਿਚ ਐਤਵਾਰ ਨੂੰ ਰਾਮਾ ਮੰਡੀ ਚੌਂਕ ਵਿਖੇ ਪੁਲਿਸ ਨੂੰ ਭਾਜੜਾਂ ਪੈ ਗਈਆਂ ਜਦੋਂ ਇਕ ਬਾਂਦਰ ਉਥੇ ਪਹੁੰਚ ਗਿਆ ਅਤੇ ਪੁਲਿਸ ਦੀ ਚਾਲਾਨ ਬੁੱਕ ਲੈ ਕੇ ਕਾਫੀ ਦੇਰ ਤੱਕ ਟੇਬਲ ’ਤੇ ਕਬਜ਼ਾ ਕਰਕੇ ਬੈਠਾ ਰਿਹਾ। ਪੁਲਿਸ ਨੂੰ ਉਸ ਨੂੰ ਭਜਾਉਣ ਲਈ ਕਾਫੀ ਮਿਹਨਤ ਕਰਨੀ ਪਈ ਪਰ ਬਾਂਦਰ ਉਲਟਾ ਪੁਲਿਸ ਵਾਲਿਆਂ ਨੂੰ ਹੀ ਡਰਾ ਰਿਹਾ ਸੀ। ਇਸ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਾਮਾ ਮੰਡੀ ਚੌਕ ’ਤੇ ਪੁਲਿਸ ਵੱਲੋਂ ਸਥਾਈ ਤੌਰ ’ਤੇ ਨਾਕਾ ਲਗਾਇਆ ਜਾਂਦਾ ਹੈ। ਐਤਵਾਰ ਨੂੰ ਵੀ ਲੌਕਡਾਊਨ ਅਤੇ ਕਰਫਿਊ ਦੌਰਾਨ ਨਾਕਾ ਲਗਾਇਆ ਗਿਆ ਹੋਇਆ ਸੀ ਕਿ ਅਚਾਨਕ ਉਥੇ ਇਕ ਸ਼ਰਾਰਤੀ ਬਾਂਦਰ ਆ ਗਿਆ ਅਤੇ ਉਸ ਨੇ ਪੁਲਿਸ ਵਾਲਿਆਂ ਵੱਲੋਂ ਲਗਾਏ ਗਏ ਬੂਥ ’ਤੇ ਕਬਜ਼ਾ ਜਮਾ ਲਿਆ। ਜਦੋਂ ਇਸ ’ਤੇ ਵੀ ਉਸ ਨੂੰ ਤਸੱਲੀ ਨਹੀਂ ਹੋਈ ਤਾਂ ਉਹ ਚਾਲਾਨ ਬੁੱਕ ਲੈ ਕੇ ਉਲਟ-ਪੁਲਟ ਕਰਕੇ ਦੇਖਣ ਲੱਗ ਗਿਆ, ਜਿਵੇਂ ਚਾਲਾਨ ਬੁੱਕ ਦੀ ਪੂਰੀ ਜਾਂਚ ਕਰ ਰਿਹਾ ਹੋਵੇ ਕਿ ਚਾਲਾਨ ਕਿਵੇਂ ਕੱਟਦੇ ਹਨ। ਇਹ ਦ੍ਰਿਸ਼ ਦੇਖ ਕੇ ਲੱਗ ਰਿਹਾ ਸੀ ਜਿਵੇਂ ਬਾਂਦਰ ਖੁਦ ਚਲਾਨ ਕੱਟਣ ਲੱਗਾ ਹੋਵੇ।
ਪੁਲਿਸ ਵਾਲੇ ਬਾਂਦਰ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਰਹੇ ਤਾਂ ਉਹ ਪੁਲਿਸ ਵਾਲਿਆਂ ਨੂੰ ਡਰਾਉਣ ਲੱਗਾ। ਇਸੇ ਦੌਰਾਨ ਇਕ ਮਹਿਲਾ ਮੁਲਾਜ਼ਮ ਨੇ ਮੌਕਾ ਪਾ ਕੇ ਕਿਸੇ ਤਰ੍ਹਾਂ ਚਾਲਾਨ ਬੁੱਕ ਉਥੋਂ ਚੁੱਕੀ। ਫਿਰ ਕਾਫੀ ਦੇਰ ਤੱਕ ਪੁਲਿਸ ਮੁਲਾਜ਼ਮ ਇਸ ਸ਼ਰਾਰਤੀ ਬਾਂਦਰ ਤੋਂ ਪ੍ਰੇਸ਼ਾਨ ਹੁੰਦੇ ਰਹੇ। ਅਖੀਰ ਬੜੀ ਮੁਸ਼ਕਲ ਨਾਲ ਪੁਲਿਸ ਮੁਲਾਜ਼ਮ ਉਸ ਨੂੰ ਭਜਾਉਣ ਵਿਚ ਸਫਲ ਹੋਇਆ।