A soldier posted in Jammu : ਮੋਗਾ ਜ਼ਿਲ੍ਹੇ ਦੇ ਇੱਕ ਫੌਜੀ ਕੋਲੋਂ ਰਾਈਫਲ ਸਾਫ ਕਰਦੇ ਸਮੇਂ ਗੋਲੀ ਚੱਲ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਜਵਾਨ ਜੰਮੂ ਵਿੱਚ ਹੌਲਦਾਰ ਦੇ ਅਹੁਦੇ ’ਤੇ ਤਾਇਨਾਤ ਸੀ, ਜਿਸ ਕੋਲੋਂ ਸ਼ੁੱਕਰਵਾਰ ਨੂੰ ਖੁਦ ਨੂੰ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ। ਸੂਚਨਾ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਫੌਜੀ ਦੀ ਲਾਸ਼ ਫੌਜ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ। ਫੌਜੀਆਂ ਨੇ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਪਹੁੰਚਾਇਆ, ਜਿਥੇ ਸ਼ਨੀਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮ੍ਰਿਤਕ ਫੌਜੀ ਦੀ ਪਛਾਣ ਮੋਗਾ ਜ਼ਿਲ੍ਹੇ ਦੇ ਪਿੰਡ ਸਾਹੋਕੇ ਨਿਵਾਸੀ ਹਰਵਿੰਦਰ ਸਿੰਘ ਵਜੋਂ ਹੋਈ ਹੈ। ਉਹ ਜੰਮੂ ਦੇ ਹੱਥ ਮੁੱਠੀ ਇਲਾਕੇ ’ਚ 191 ਬ੍ਰਿਗੇਡ ਦੀ 15 ਮੈਕ ਯੂਨਿਟ ਵਿੱਚ ਹੌਲਦਾਰ ਦੇ ਅਹੁਦੇ ’ਤੇ ਤਾਇਨਾਤ ਸੀ। ਉਸ ਦੀ ਪਤਨੀ ਤੇ ਬੱਚਾ ਇੱਥੇ ਪਿੰਡ ਵਿੱਚ ਹੀ ਰਹਿੰਦੇ ਹਨ। ਫੌਜ ਦੇ ਹੈੱਡਕੁਆਰਟਰ ਵੱਲੋਂ ਜਾਣਕਾਰੀ ਮਿਲੀ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਹਰਵਿੰਦਰ ਸਿਘ ਕੋਲੋਂ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਹਾਲਾਂਕਿ ਪਹਿਲਾਂ ਇਸ ਘਟਨਾ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਸੀ, ਪਰ ਜਦੋਂ ਪੂਰੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਘਟਨਾ ਰਾਈਫਲ ਸਾਫ ਕਰਦੇ ਸਮੇਂ ਗੋਲੀ ਚੱਲਣ ਕਾਰਨ ਹੋਈ ਹੈ। ਜੰਮੂ ਦੀ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਫੌਜ ਨੂੰ ਸੌਂਪ ਦਿੱਤਾ ਅਤੇ ਫੌਜ ਨੇ ਜੱਦੀ ਪਿੰਡ ਭੇਜ ਦਿੱਤਾ। ਸ਼ਨੀਵਾਰ ਨੂੰ ਇਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਫੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਲੈ ਕੇ ਆਏ ਫੌਜੀਆਂ ਦਾ ਕਹਿਣਾ ਹੈ ਕਿ ਰਾਈਫਰ ਸਾਫ ਕਰਦੇ ਸਮੇਂ ਅਚਾਨਕ ਗੋਲੀ ਲੱਗ ਗਈ, ਜਿਸ ਕਾਰਨ ਹਰਵਿੰਦਰ ਸਿੰਘ ਦੀ ਮੌਤ ਹੋ ਗਈ।