A three pronged strategy to : ਚੰਡੀਗੜ੍ਹ : ਪੰਜਾਬ ਦੇ ਜੇਲ੍ਹ ਵਿਭਾਗ ਵਲੋਂ ਸੂਬੇ ਭਰ ਦੀਆਂ ਜੇਲ੍ਹਾਂ ਵਿੱਚ ਕੋਰੋਨਾ ਸੰਕਟ ਵਿਰੁੱਧ ਸੁਚੱਜੇ ਢੰਗ ਨਾਲ ਨਜਿੱਠਣ ਲਈ ਤਿੰਨ ਪੱਖੀ ਰਣਨੀਤੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਇਸ ਦੀ ਰੋਕਥਾਮ, ਸਕ੍ਰੀਨਿੰਗ ਤੇ ਜਾਂਚ ਅਤੇ ਇਲਾਜ ਤੇ ਫੈਲਾਅ ਨੂੰ ਰੋਕਣਾ ਸ਼ਾਮਲ ਹੈ। ਇਸ ਦੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਥਿਤੀ ਦੀ ਨਿਗਰਾਨੀ ਲਈ ਅਤੇ ਜੇਲ੍ਹਾਂ ਵਿਚ ਸਟਾਫ ਤਕੇ ਕੈਦੀਆਂ ਦੇ ਰੋਜ਼ਾਨਾ ਦੇ ਕੰਮਾਂ ਵਿਚ ਦਰਪੇਸ਼ ਮੁਸ਼ਕਲਾਂ ਦੇ ਹੱਲ ਵਿਚ ਮਦਦ ਕਰਨ ਲਈ ਪਹਿਲਾਂ ਹੀ ਰਾਜ ਤੇ ਜ਼ਿਲ੍ਹਾ ਪੱਧਰੀ ਨਿਗਰਾਨ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਸੂਬੇ ਵਿਚ ਬਦਲਵੀਆਂ ਇਕਾਂਤਵਾਸ ਸਹੂਲਤਾਂ ਰੱਖੀਆਂ ਗਈਆਂ ਹਨ। ਕਿਸੇ ਵੀ ਜੇਲ੍ਹ ਵਿਚ ਜੇਕਰ ਕੋਈ ਕੈਦੀ ਪਾਜ਼ੇਟਿਵ ਪਾਇਆ ਜਾਂਦਾ ਹੈ, ਤਾਂ ਉਸ ਨੂੰ ਸਥਾਨਕ ਆਈਸੋਲੇਸ਼ਨ ਕੇਂਦਰ ਭੇਜਿਆ ਜਾਂਦਾ ਹੈ। ਪ੍ਰਭਾਵਿਤ ਕੈਦੀ ਨਾਲ ਬੈਰਕ ਸਾਂਝੇ ਕਰਨ ਵਾਲੇ ਸਾਰੇ ਕੈਦੀਆਂ ਨੂੰ ਤੁਰੰਤ ਸਬੰਧਤ ਅਲਟਰਨੇਟ ਆਈਸੋਲੇਸ਼ਨ ਸਹੂਲਤ ਵਿੱਚ ਭੇਜ ਦਿੱਤਾ ਜਾਂਦਾ ਹੈ ਤਾ ਜੋ ਆਪਣੀ ਸਿਹਤ ਦਾ ਧਿਆਨ ਰੱਖ ਸਕਣ ਅਤੇ ਬਾਕੀ ਕੈਦੀਆਂ ਤੋਂ ਆਪਣੇ ਆਪ ਨੂੰ ਅਲੱਗ ਕਰ ਸਕਣ। ਇਨ੍ਹਾਂ ਸਹੂਲਤਾਂ ਨੂੰ ਉਕਤ ਮੰਤਵ ਲਈ ਆਰਜ਼ੀ ਜੇਲ੍ਹਾਂ ਵਜੋਂ ਘੋਸ਼ਿਤ ਕੀਤਾ ਗਿਆ ਹੈ। ਰਾਜ ਦੀਆਂ ਵੱਖ-ਵੱਖ ਇਮਾਰਤਾਂ / ਥਾਣਿਆਂ ਨੂੰ ਅਸਥਾਈ ਜੇਲ੍ਹਾਂ ਬਣਾਇਆ ਗਿਆ ਹੈ ਤਾਂ ਜੋ ਨਵੇਂ ਆਉਣ ਵਾਲੇ ਕੈਦੀਆਂ ਦੇ ਨਮੂਨੇ ਲੈ ਕੇ ਟੈਸਟ ਕਰਵਾਉਣ ਅਤੇ ਟੈਸਟ ਦੀ ਰਿਪੋਰਟ ਆਉਣ ਤੱਕ ਉੱਥੇ ਰੱਖਿਆ ਜਾ ਸਕੇ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਮੁਤਾਬਕ ਮਾਰਚ ਮਹੀਨੇ ਤੋਂ ਹੁਣ ਤੱਕ ਲਗਭਗ 11,500 ਕੈਦੀਆਂ ਨੂੰ ਪੈਰੋਲ / ਅੰਤਰਿਮ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੋਵਿਡ ਦਾ ਟੈਸਟ ਕਰਵਾਉਣ ਤੋਂ ਬਾਅਦ ਹੀ ਸਾਰੇ ਨਵੇਂ ਕੈਦੀਆਂ ਨੂੰ ਦਾਖਲ ਕਰਨ ਲਈ 6 ਵਿਸ਼ੇਸ਼ ਜੇਲ੍ਹਾਂ (ਬਠਿੰਡਾ, ਬਰਨਾਲਾ, ਪੱਟੀ, ਪਠਾਨਕੋਟ, ਲੁਧਿਆਣਾ, ਮਹਿਲਾ ਜੇਲ੍ਹ ਲੁਧਿਆਣਾ) ਬਣਾਈਆਂ ਗਈਆਂ ਹਨ। ਵਿਸ਼ੇਸ਼ ਜੇਲ੍ਹਾਂ ਵਿਚ 14 ਦਿਨਾਂ ਲਈ ਇਕਾਂਤਵਾਸ ‘ਚ ਰਹਿਣ ਤੋਂ ਬਾਅਦ ਉਨ੍ਹਾਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਨਿਯਮਤ ਜੇਲ੍ਹਾਂ ਵਿਚ ਭੇਜਿਆ ਜਾਂਦਾ ਹੈ। ਲੁਧਿਆਣਾ ਜ਼ਿਲੇ ਵਿਚ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਵਿਸ਼ੇਸ਼ ਜੇਲ੍ਹ ਲੁਧਿਆਣਾ ਦੇ ਸਾਰੇ ਕੈਦੀਆਂ ਨੂੰ 14 ਦਿਨਾਂ ਲਈ ਕੁਆਰੰਟਾਈਨ ਕਰਨ ਲਈ ਜ਼ਿਲ੍ਹਾ ਜੇਲ੍ਹ ਸੰਗਰੂਰ ਨੂੰ ਖਾਲੀ ਕਰ ਦਿੱਤਾ ਗਿਆ ਹੈ, ਉਥੇ ਤਿੰਨ ਵਾਰ ਟੈਸਟ ਕਰਨ ਤੋਂ ਬਾਅਦ ਨੈਗੇਟਿਵ ਰਿਪੋਰਟ ਆਉਣ ’ਤੇ ਉਨ੍ਹਾਂ ਨੂੰ ਨਿਯਮਤ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ। ਕੈਦੀਆਂ ਵਿਚ ਜਾਗਰੂਕਤਾ ਫੈਲਾਉਣ ਦੇ ਇਕ ਹਿੱਸੇ ਵਜੋਂ, ਜੇਲ੍ਹਾਂ ਵਿਚ ਕਰੋਨਾ ਦੇ ਕਾਰਨਾਂ, ਲੱਛਣਾਂ, ਰੋਕਥਾਮ, ਜਾਂਚ ਅਤੇ ਇਲਾਜ ਨੂੰ ਦਰਸਾਉਂਦੇ ਪੋਸਟਰ ਅਤੇ ਬੈਨਰ ਲਗਾਏ ਜਾਣੇ ਚਾਹੀਦੇ ਹਨ। ਜੇਲ੍ਹਾਂ ਦੇ ਸਟਾਫ ਅਤੇ ਮੈਡੀਕਲ ਅਫਸਰਾਂ ਨੂੰ ਢੁਕਵੀਂ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੇਲ੍ਹ ਨੂੰ ਨਿਯਮਤ ਤੌਰ ‘ਤੇ ਰੋਗਾਣੂ ਮੁਕਤ ਕੀਤਾ ਜਾਂਦਾ ਹੈ।
ਕੋਵਿਡ ਨਾਲ ਨਜਿੱਠਣ ਲਈ ਮਾਸਕ, ਸੈਨੀਟਾਈਜ਼ਰ ਅਤੇ ਆਕਸੀਮੀਟਰ ਵੀ ਸਾਰੀਆਂ ਜੇਲਾਂ ਵਿਚ ਉਪਲਬਧ ਕਰਵਾਈ ਗਈ ਹੈ ਇਸ ਤੋਂ ਇਲਾਵਾ ਡੀ.ਆਰ.ਡੀ.ਓ., ਚੰਡੀਗੜ੍ਹ ਵਲੋਂ 50 ਪੀਪੀਈ ਕਿੱਟਾਂ ਦਾਨ ਕੀਤੀਆਂ ਅਤੇ ਖਾਲਸਾ ਏਡ ਵਲੋਂ ਲਗਭਗ 920 ਬਾਡੀ ਸੂਟ ਦਿੱਤੇ ਗਏ ਹਨ। ਛੂਤ ਦੇ ਹੋਰ ਫੈਲਣ ਤੋਂ ਰੋਕਣ ਲਈ ਸਿਰਫ ਵ੍ਹਾਟਸਐਪ ਵੀਡੀਓ ਕਾਲਿੰਗ ਦੁਆਰਾ ਜਾਂ ਈਪ੍ਰਿਜ਼ਨ ਸਾੱਫਟਵੇਅਰ ਦੇ ਈਮੂਲਾਕਾਤ ਰਾਹੀਂ ਮੁਲਾਕਾਤਾਂ ਕਰਵਾਈ ਜਾ ਰਹੀ ਹੈ। ਜੇਲ੍ਹ ਦੇ ਸਾਰੇ ਅਧਿਕਾਰੀਆਂ ਨੂੰ ਛੁੱਟੀ ਵੇਲੇ ਆਪਣੇ ਘਰਾਂ ਤੋਂ ਇਲਾਵਾ ਹੋਰ ਥਾਵਾਂ ਤੇ ਜਾਣ ਤੋਂ ਬੱਚਣ, ਅਤੇ ਮਜਬੂਰੀ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਜੇਲ੍ਹ ਦੇ ਮੁਖੀ ਨੂੰ ਸੂਚਿਤ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।