ਫਰੀਦਕੋਟ ਵਿੱਚ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਨਵੀਂ ਬਣੀ ਐਸਆਈਟੀ ਵੱਲੋਂ ਘਟਨਾ ਦੇ ਕਥਿਤ ਦੋਸ਼ੀ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ।
ਇੱਕ ਦਿਨ ਪਹਿਲਾਂ ਐਸਆਈਟੀ ਨੇ ਸ਼ੁੱਕਰਵਾਰ ਨੂੰ ਫਰੀਦਕੋਟ ਦੀ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਮੁਅੱਤਲ ਆਈਜੀ ਪਰਮਰਾਜ ਉਮਰਾਨੰਗਲ ਤੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦਾ ਨਾਰਕੋ, ਲਾਈ ਡਿਟੈਕਟਰ ਅਤੇ ਬ੍ਰੇਨ ਮੈਪਿੰਗ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਹੈ।
ਇਸ ਅਰਜ਼ੀ ‘ਤੇ ਅਦਾਲਤ ਨੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਦੌਰਾਨ ਏਡੀਜੀਪੀ ਵਿਜੀਲੈਂਸ ਐਲ ਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ ਪੰਜ ਦਿਨ ਪਹਿਲਾਂ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਸਾਬਕਾ ਡੀਜੀਪੀ ਸੈਣੀ ਸਣੇ ਤਿੰਨ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਸੀ।
ਐਸਆਈਟੀ ਦਾ ਦੋਸ਼ ਹੈ ਕਿ ਇਹ ਪੁਲਿਸ ਅਧਿਕਾਰੀ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ ਅਤੇ ਸੱਚਾਈ ਨੂੰ ਲੁਕਾ ਰਹੇ ਹਨ। ਇਸ ਲਈ ਉਨ੍ਹਾਂ ਦਾ ਨਾਰਕੋ ਟੈਸਟ ਕਰਵਾਉਣ ਦੀ ਲੋੜ ਹੈ। ਇਸ ਦੇ ਅਧਾਰ ‘ਤੇ ਐਸਆਈਟੀ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਇਨ੍ਹਾਂ ਪੁਲਿਸ ਅਧਿਕਾਰੀਆਂ ਦੀ ਜਾਂਚ ਕਰਵਾਉਣ ਦੀ ਇਜਾਜ਼ਤ ਮੰਗੀ ਹੈ।
ਇਹ ਵੀ ਪੜ੍ਹੋ : ਸਿੱਖਿਆ ਖੇਤਰ ‘ਚ ਟੌਪ ਕਰਨ ‘ਤੇ ਸਿਸੋਦੀਆ ਦੇ ਦੋਸ਼ਾਂ ‘ਤੇ ਕੈਪਟਨ ਦਾ ਕਰਾਰਾ ਜਵਾਬ- ਇਹ ‘ਅੰਗੂਰ ਖੱਟੇ ਹਨ’ ਦਾ ਮਾਮਲਾ
ਕਾਨੂੰਨ ਮੁਤਾਬਕ ਜੇ ਸਬੰਧਤ ਵਿਅਕਤੀ ਟੈਸਟ ਸੰਬੰਧੀ ਆਪਣੀ ਸਹਿਮਤੀ ਨਹੀਂ ਦਿੰਦਾ ਹੈ, ਤਾਂ ਉਸਦਾ ਟੈਸਟ ਨਹੀਂ ਕੀਤਾ ਜਾ ਸਕਦਾ ਅਤੇ ਇਸੇ ਲਈ ਅਦਾਲਤ ਨੇ ਪੁਲਿਸ ਅਧਿਕਾਰੀਆਂ ਨੂੰ ਅਰਜ਼ੀ ਉੱਤੇ ਆਪਣਾ ਪੱਖ ਜਾਣਨ ਲਈ ਨੋਟਿਸ ਜਾਰੀ ਕੀਤਾ ਹੈ। ਪਿਛਲੀ ਐਸ.ਆਈ.ਟੀ. ਨੇ ਇਨ੍ਹਾਂ ਤਿੰਨਾਂ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਵਿੱਚ ਉਨ੍ਹਾਂ ਖਿਲਾਫ ਚਾਰਜਸ਼ੀਟ ਵੀ ਦਾਇਰ ਕੀਤੀ ਸੀ, ਪਰ ਬਾਅਦ ਵਿਚ ਹਾਈ ਕੋਰਟ ਨੇ ਐਸ.ਆਈ.ਟੀ. ਦੀ ਜਾਂਚ ਰਿਪੋਰਟ ਨੂੰ ਰੱਦ ਕਰ ਦਿੱਤਾ। ਹਾਈ ਕੋਰਟ ਦੇ ਆਦੇਸ਼ਾਂ ‘ਤੇ ਸਰਕਾਰ ਨੇ ਇਸ ਕੇਸ ਦੀ ਜਾਂਚ ਲਈ ਨਵੀਂ ਐਸਆਈਟੀ ਦਾ ਗਠਨ ਕੀਤਾ ਹੈ।