ਫਰੀਦਕੋਟ ਜਲ ਸਪਲਾਈ ਤੇ ਸਫਾਈ ਵਿਭਾਗ ਵਿਚ ਹੋਈ ਵਿੱਤੀ ਘਪਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਚਾਰ ਸੀਨੀਅਰ ਅਧਿਕਾਰੀਆਂ ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿਚ ਐਕਸੀਅਨ ਜਸਵਿੰਦਰ ਸਿੰਘ, ਉਪ ਮੰਡਲ ਅਧਿਕਾਰੀ (SDO) ਸੰਦੀਪ ਸਿੰਘ ਤੇ ਜੇਈ ਪਰਵਿੰਦਰ ਸਿੰਘ ਤੇ ਸੀਨੀਅਰ ਸਹਾਇਕ ਤਾਰਾ ਸਿੰਘ ਸ਼ਾਮਲ ਹਨ।
ਮਿਲੀ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਸੀ ਕਿ ਇਨ੍ਹਾਂ ਅਧਿਕਾਰੀਆਂ ਨੇ ਰੱਖ-ਰਖਾਅ ਤੇ ਸਰਕਾਰੀ ਖਜ਼ਾਨੇ ਦਾ ਗਲਤ ਇਸਤੇਮਾਲ ਕੀਤਾ ਤੇ ਫਰਜ਼ੀ ਬਿਲਾਂ ਰਾਹੀਂ ਗੈਰ-ਕਾਨੂੰਨੀ ਭੁਗਤਾਨ ਕਰਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਤੋਂ ਜਾਂਚ ਕਰਵਾਈ ਗਈ।
ਜਾਂਚ ਰਿਪੋਰਟ ਦੇ ਆਧਾਰ ‘ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੀਲਕੰਠ ਐੱਸ ਆਵ੍ਹਾਡ, ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ 1970 ਦੇ ਨਿਯਮ 4 ਤਹਿਤ ਮੁਅੱਤਲੀ ਦੇ ਹੁਕਮ ਜਾਰੀ ਕੀਤੇ। ਮੁਅੱਤਲੀ ਸਮੇਂ ਦੌਰਾਨ ਐਕਸੀਅਨ ਅਤੇ ਐਸ.ਡੀ.ਓ ਨੂੰ ਮੁੱਖ ਇੰਜੀਨੀਅਰ (ਦੱਖਣੀ) ਦਫ਼ਤਰ, ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਜੇ.ਈ ਅਤੇ ਸੀਨੀਅਰ ਸਹਾਇਕ ਨੂੰ ਮੁੱਖ ਇੰਜੀਨੀਅਰ (ਕੇਂਦਰੀ) ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: