Action taken by Women Commission : ਸ੍ਰੀ ਮੁਕਤਸਰ ਸਾਹਿਬ ਵਿਚ ਬੀਤੇ ਦਿਨੀਂ ਪੁੱਤਰਾਂ ਵੱਲੋਂ ਦਰਕਾਰੀ ਇਕ ਬਜ਼ੁਰਗ ਔਰਤ ਦੀ ਬਹੁਤ ਹੀ ਤਰਸਯੋਗ ਹਾਲਤ ਵਿਚ ਮੌਤ ਹੋ ਜਾਣ ਦੇ ਮਾਮਲੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਾਰਵਾਈ ਕਰਦੇ ਹੋਏ ਬਜ਼ੁਰਗ ਔਰਤ ਦੇ ਦੋਵੇਂ ਪੁੱਤਰਾਂ, ਦੋਵੇਂ ਧੀਆਂ ਅਤੇ ਕੇਅਰ ਟੇਕਰ ਸਣੇ ਜਾਂਚ ਅਧਿਕਾਰੀ ਨੂੰ 24 ਅਗਸਤ ਨੂੰ ਮਹਿਲਾ ਕਮਿਸ਼ਨ ਦੇ ਆਫਿਸ ਵਿਚ ਨਿੱਜੀ ਤੌਰ ’ਤੇ ਆ ਕੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ। ਦੱਸਣਯੋਗ ਹੈ ਕਿ ਬਜ਼ੁਰਗ ਔਰਤ ਦਾ ਰਿਟਾਇਰਡ ਜੇਈ ਤੇ ਨੇਤਾ, ਦੂਸਰਾ ਪੁੱਤਰ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਿਚ ਤਾਇਨਾਤ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਦੋਵੇਂ ’ਵੱਡੇ’ ਅਹੁਦੇਦਾਰ ਪੁੱਤਰਾਂ ਵਿਚ ਬਣਦੀ ਨਹੀਂ ਸੀ, ਇਸ ਲਈ ਉਹ ਵੱਖ ਹੋ ਗਏ ਪਰ ਕਿਸੇ ਨੇ ਵੀ ਮਾਂ ਨੂੰ ਨਹੀਂ ਰਖਿਆ। 82 ਸਾਲ ਦੀ ਇਹ ਬਜ਼ੁਰਗ ਔਰਤ ਮਹਿੰਦਰ ਕੌਰ ਗਾਰੇ ਨਾਲ ਇੱਟਾਂ ਖੜ੍ਹੀਆਂ ਕਰਕੇ ਉਸ ’ਤੇ ਪਲਾਈ ਦੀ ਛੱਤ ਪਾ ਕੇ ਛੋਟੀ ਜਿਹੀ ਜਗ੍ਹਾ ’ਤੇ ਆਪਣੇ ਦਿਨ ਕੱਟ ਰਹੀ ਸੀ। ਉਸ ਦੇ ਸਿਰ ਵਿਚ ਕੀੜੇ ਪੈ ਚੁੱਕੇ ਸਨ। ਇਕ ਦਿਨ ਉਹ ਨਿਢਾਲ ਹੋ ਕੇ ਸੜਕ ’ਤੇ ਡਿੱਗ ਪਈ। ਅਖੀਰ ਇਕ ਸਮਾਜ ਸੇਵੀ ਸੰਸਥਾ ਨੇ ਬਜ਼ੁਰਗ ਨੂੰ ਹਸਪਤਾਲ ਭਰਤੀ ਕਰਵਾਇਆ, ਜਿਥੇ ਉਸ ਦੀ ਪਛਾਣ ਸਾਹਮਣੇ ਆਈ ਕਿ ਉਹ ਵੱਡੇ ਅਹੁਦਿਆਂ ’ਤੇ ਤਾਇਨਾਤ ਪੁੱਤਾਂ ਦੀ ਮਾਂ ਹੈ। ਉਥੇ ਹਸਪਤਾਲ ਵਿਚ ਹੀ ਇਲਾਜ ਦੌਰਾਨ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ।
ਮਹਿੰਦਰ ਕੌਰ ਦਾ ਵੱਡਾ ਬੇਟਾ ਰਾਜਵਿੰਦਰ ਸਿੰਘ ਰਾਜਾ ਪਾਵਰਕਾਮ ’ਚ ਜੇਈ ਦੇ ਅਹੁਦੇ ਤੋਂ ਰਿਟਾਇਰ ਹੋਇਆ ਹੈ ਅਤੇ ਅਕਾਲੀ ਦਲ ਡੈਮੋਕ੍ਰੇਟਿਕ ’ਚ ਸ਼ਾਮਲ ਹੋਇਆ ਸੀ। ਦੱਸਣਯੋਗ ਹੈ ਕਿ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮਾਂ ਇਸ ਤਰ੍ਹਾਂ ਛੱਡਣ ਵਾਲੇ ਰਾਜਵਿੰਦਰ ਸਿੰਘ ਰਾਜਾ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਛੋਟਾ ਬੇਟਾ ਬਲਵਿੰਦਰ ਸਿੰਘ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ’ਚ ਕਲਰਕ ਹੈ। ਉਸ ਦੀ ਪੋਤਰੀ ਐਡੀਐਮ ਦੇ ਅਹੁਦੇ ’ਤੇ ਤਾਇਨਾਤ ਹੈ। ਇਹ ਦੋਵੇਂ ਪੁੱਤਰ ਲਗਭਗ 30 ਸਾਲ ਤੋਂ ਬਜ਼ੁਰਗ ਔਰਤ ਤੋਂ ਵੱਖ ਰਹੇ। ਉਨ੍ਹਾਂ ਨੇ ਮਾਂ ਨੂੰ ਆਪਣੇ ਕੋਲ ਰਖਣ ਦੀ ਬਜਾਏ ਉਸ ਨੂੰ ਬੂੜਾ ਗੁੱਜਰ ਰੋਡ ’ਤੇ ਇਕ ਮੰਦਰ ਦੇ ਨੇੜੇ ਇਕ ਵਿਅਕਤੀ ਕੋਲ ਦੇਖਭਾਲ ਲਈ ਛੱਡ ਦਿੱਤਾ ਸੀ। ਉਸ ਵਿਅਕਤੀ ਨੇ ਵੀ ਬਾਅਦ ਵਿਚ ਬਜ਼ੁਰਗ ਨੂੰ ਬੇਸਹਾਰਾ ਛੱਡ ਦਿੱਤਾ ਸੀ। ਉਸ ਦੇ ਪੁੱਤਰ ਦਾ ਕਹਿਣਾ ਸੀ ਕਿ ਉਸ ਦੀ ਪਤਨੀ ਬੀਮਾਰ ਰਹਿੰਦੀ ਹੈ। ਉਸ ਦਾ ਇਕ ਪੁੱਤਰ ਹੈ। ਮਾਂ ਦੀ ਦੇਖਭਾਲ ਕਰਨ ਵਾਲਾ ਘਰ ਵਿਚ ਕੋਈ ਨਹੀਂ ਸੀ, ਇਸ ਲਈ ਉਸ ਨੇ ਮਾਂ ਦੀ ਦੇਖਭਾਲ ਲਈ ਕੇਅਰ ਟੇਕਰ ਰਖਿਆ ਸੀ, ਪਰ ਉਸ ਨੇ ਧਿਆਨ ਨਹੀਂ ਰਖਿਆ।