Action to be taken against companies : ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਲੜਾਈ ਵਿੱਚ ਹੈਂਡ ਸੈਨੀਟਾਈਜ਼ਰ ਦੀ ਅਹਿਮੀਅਤ ਕਾਫੀ ਵੱਧ ਗਈ ਹੈ। ਘਰ ਹੋਵੇ ਜਾਂ ਦਫਤਰ, ਹਰ ਜਗ੍ਹਾ ਹੁਣ ਇਸ ਦਾ ਇਸਤੇਮਾਲ ਤੇਜ਼ੀ ਨਾਲ ਹੋ ਰਿਹਾ ਹੈ, ਪਰ ਇਸ ਦੀ ਗਾਰੰਟੀ ਨਹੀਂ ਹੈ ਕਿ ਜਿਸ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਵਾਇਰਸ ਨੂੰ ਮਾਰਨ ਵਿੱਚ ਸਮਰੱਥ ਹਨ ਜਾਂ ਨਹੀਂ। ਚੰਡੀਗੜ੍ਹ ਸਿਹਤ ਵਿਭਾਗ ਨੇ ਪਿਛਲੇ ਦਿਨੀਂ ਬਾਜ਼ਾਰ ਵਿੱਚ ਵਿੱਕ ਰਹੇ ਸੈਨੇਟਾਈਜ਼ਰ ਦੇ ਸੈਂਪਲ ਭਰੇ ਸਨ, ਜਿਨ੍ਹਾਂ ਵਿਚੋਂ ਪੰਜ ਸੈਂਪਲ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ ਹਨ, ਮਤਲਬ ਫੇਲ ਹੋ ਗਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਹੁਣ ਸੈਨੀਟਾਈਜ਼ਰ ਬਣਾਉਣ ਵਾਲੀਆਂ ਕੰਪਨੀਆਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਿਹਾ ਹੈ। ਇਨ੍ਹਾਂ ਕੰਪਨੀਆਂ ਨੂੰ ਅਗਲੇ ਦੋ ਤੋਂ ਤਿੰਨ ਦਿਨ ਵਿੱਚ ਨੋਟਿਸ ਜਾਰੀ ਕਰਕੇ ਜਵਾਬ ਮੰਗੇਗੀ। ਜਵਾਬ ਆਉਣ ਤੋਂ ਬਾਅਦ ਇਨ੍ਹਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਕੁਲ 16 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ ਪੰਜ ਫੇਲ ਪਾਏ ਗਏ ਹਨ। ਚਾਰ ਸੈਂਪਲਾਂ ਵਿੱਚ ਮੇਥੇਨਾਲ ਦੀ ਮਾਤਰਾ ਮਾਣਕ ਤੋਂ ਘੱਟ ਮਿਲੀ ਹੈ ਤਾਂ ਇਕ ਸੈਂਪਲ ਵਿੱਚ ਮੇਥੇਨਾਲ ਮਿਲਾਵਟੀ ਪਾਇਆ ਗਿਆ ਹੈ।
ਮੇਥੇਨਾਲ ਇਕ ਤਰ੍ਹਾਂ ਤੋਂ ਐਲਕੋਹਲ ਹੈ। ਸੈਨੇਟਾਈਜ਼ਰ ਵਿੱਚ ਇਸ ਦੀ ਮਾਤਾਰ ਘੱਟੋ-ਘੱਟ 65 ਫੀਸਦੀ ਹੋਣੀ ਚਾਹੀਦੀ ਹੈ ਪਰ ਫੇਲ ਹੋਣ ਵਾਲੇ ਸੈਂਪਲ ਵਿੱਚ ਇਸ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਘੱਟ ਮਿਲੀ ਹੈ। ਡਰੱਗ ਕੰਟਰੋਲਰ ਆਫਿਸ ਇੰਚਾਰਜ ਅਮਿਤ ਦੁੱਗਲ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਖਿਲਾਫ ਨੋਟਿਸ ਭੇਜੇ ਜਾ ਰਹੇ ਹਨ। ਜਵਾਬ ਮਿਲਣ ਤੋਂ ਬਾਅਦ ਕਾਨੂੰਨ ਅਧੀਨ ਕਾਰਵਾਈ ਕੀਤੀ ਜਾਵੇਗੀ। ਹਰਿਆਣਾ ’ਚ ਸੈਂਪਲ ਫੇਲ ਹੋਣ ’ਤੇ ਸੈਨੇਟਾਈਜ਼ਰ ਕੰਪਨੀ ਖਿਲਾਫ ਐੱਫਆਈਆਰ ਦਰਜ ਕਰਵਾਈ ਗਈ ਅਤੇ ਉਨ੍ਹਾਂ ਦੇ ਡਰੱਗ ਲਾਈਸੈਂਸ ਵੀ ਰੱਦ ਕੀਤੇ ਗਏ।