Added new features to the Cova app : ਚੰਡੀਗੜ੍ਹ : ਕੋਰੋਨਾ ਦੀ ਰੋਕਥਾਮ ਲਈ ਤਿਆਰ ਕੀਤੇ ਗਏ ’ਕੋਵਾ ਐਪ’ ਵਿਚ ਹੁਣ ਕੁਝ ਹੋਰ ਫੀਚਰ ਜੋੜੇ ਗਏ ਹਨ, ਜਿਸ ਦਾ ਸਭ ਤੋਂ ਵੱਧ ਫਾਇਦਾ ਕੋਰੋਨਾ ਦੇ ਮਰੀਜ਼ਾਂ ਨੂੰ ਹੋਵੇਗਾ। ਹੁਣ ਉਹ ਘਰ ਬੈਠੇ ਇਸ ਐਪ ਦੀ ਮਦਦ ਨਾਲ ਜਾਣ ਸਕਣਗੇ ਕਿ ਕੋਰੋਨਾ ਮਰੀਜ਼ਾਂ ਲਈ ਕਿਹੜੇ ਹਸਪਤਾਲ ਵਿਚ ਬੈੱਡ ਮੁਹੱਈਆ ਹਨ।
ਦੱਸਣਯੋਗ ਹੈ ਕਿ ਇਸ ਐਪ ਵਿਚ ਹੁਣ ਤਿੰਨ ਨਵੇਂ ਫੀਚਰ ਜੋੜੇ ਗਏ ਹਨ। ਇਸ ਐਪ ਰਾਹੀਂ ਹਰ ਜ਼ਿਲ੍ਹੇ ਦੇ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਲਈ ਬੈੱਡਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਦੂਸਰੇ ਨਵੇਂ ਫੀਚਰ ਰਾਹੀਂ ਕੋਵਿਡ ਸਬੰਧੀ ਟੈਸਟ ਕਰਵਾਉਣ ਲਈ ਆਪਣੇ ਨੇੜਲੇ ਹਸਪਤਾਲ ਜਾਂ ਸੈਂਟਰ ਦਾ ਪਤਾ ਲਗਾਇਆ ਜਾ ਸਕਾਦ ਹੈ। ਇਸ ਤੋਂ ਇਲਾਵਾ ਇਸ ਬੀਮਾਰੀ ਨੂੰ ਮਾਤ ਦੇ ਚੁੱਕੇ ਚਾਹਵਾਨ ਮਰੀਜ਼ ਇਸ ਰਾਹੀਂ ਪਤਾ ਲਗਾ ਸਕਣਗੇ ਕਿ ਪਲਾਜ਼ਮਾ ਕਿੱਥੇ ਦਾਨ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਆਈਏਐਸ ਸ਼੍ਰੀ ਰਵੀ ਭਗਤ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਐਪ ਅਧਿਕਾਰੀਆਂ ਨੂੰ ਲੌਕਡਾਊਨ ਦੌਰਾਨ ਪਾਬੰਦੀਆਂ ਨੂੰ ਲਾਗੂ ਕਰਨ ਵਿੱਚ ਵੀ ਕਾਫੀ ਮਦਦਗਾਰ ਰਿਹਾ ਹੈ। ਇਹ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਸਹਾਇਤਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੋਵਾ ਐਪ ਮੋਬਾਈਲ ਵਿਚ ਡਾਊਨਲੋਡ ਕਰ ਕੇ ਬਲੂਟੁੱਥ ਆਨ ਰੱਖਣ ਨਾਲ ਕਿਸੇ ਵੀ ਸ਼ੱਕੀ ਵਿਅਕਤੀ ਦੇ ਸੰਪਰਕ ਵਿਚ ਆਉਣ ’ਤੇ ਇਹ ਸੂਚਿਤ ਕਰਦਾ ਹੈ।