Administration bows to farmers anger : ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਮੰਡੀ ਕਲਾਂ ਵਿੱਚ ਕਿਸਾਨ ਅੰਦੋਲਨ ਤੋਂ ਪਰਤੇ ਇੱਕ ਕਿਸਾਨ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਾਲਿਆਂ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਰੱਖੀ ਸੀ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਮ੍ਰਿਤਕ ਕਿਸਾਨ ਦੀ ਦੇਹ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ। ਕਿਸਾਨਾਂ ਦੀ ਮੰਗ ‘ਤੇ ਅੱਜ ਪ੍ਰਸ਼ਾਸਨ ਨੂੰ ਝੁਕਣਾ ਪਿਆ ਹੀ ਪਿਆ ਅਤੇ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ। ਜ਼ਿਕਰਯੋਗ ਹੈ ਕਿ ਪਿੰਡ ਮੰਡੀ ਕਾਲਾ ਦਾ ਕਿਸਾਨ ਸੁਖਪਾਲ ਸਿੰਘ ਉਰਫ ਲੱਖਾ ਕੁਝ ਦਿਨ ਪਹਿਲਾਂ ਆਪਣੇ ਕਿਸਾਨ ਸਾਥੀਆਂ ਸਣੇ ਸਰਹੱਦ ‘ਤੇ ਗਿਆ ਸੀ ਤੇ ਉਥੋਂ ਵਾਪਿਸ ਪਰਤਣ ਤੋਂ ਬਾਅਦ ਉਹ ਬਿਮਾਰ ਹੋ ਗਿਆ ਸੀ। ਉਸ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ, ਜਿਸ ਦੇ ਚੱਲਦਿਆਂ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਬੀਤੇ ਦਿਨ ਮੌਤ ਹੋ ਗਈ ਸੀ।
ਉਸ ਦੇ ਸਾਥੀ ਕਿਸਾਨਾਂ ਨੇ ਮ੍ਰਿਤਕ ਦੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਰਕੇ ਪ੍ਰਸ਼ਾਸਨ ਤੋਂ 10 ਲੱਖ ਰੁਪਏ ਦੇ ਨਾਲ ਪਰਿਵਾਰ ਦੇ ਇੱਕ ਆਦਮੀ ਲਈ ਸਰਕਾਰੀ ਨੌਕਰੀ ਦੀ ਮੰਗ ਰੱਖੀ ਸੀ। ਪਰ ਪ੍ਰਸ਼ਾਸਨ ਇਸ ਵਿੱਚ ਟਾਲਮਟੋਲ ਕਰ ਰਿਹਾ ਸੀ, ਜਿਸ ਦੇ ਚੱਲਦਿਆਂ ਕਿਸਾਨਾਂ ਨੇ ਉਸ ਦੀ ਮ੍ਰਿਤਕ ਦੇਹ ਬਠਿੰਡਾ ਚੰਡੀਗੜ੍ਹ ਰੋਡ ‘ਤੇ ਰੱਖ ਕੇ ਜਾਮ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਕਿਸਾਨਾਂ ਅੱਗੇ ਝੁਕਦੇ ਹੋਏ ਅੱਜ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ, ਜਿਸ ਤੋਂ ਬਾਅਦ ਮ੍ਰਿਤਕ ਕਿਸਾਨ ਦਾ ਪੋਸਟ ਮਾਰਟਮ ਕਰਵਾ ਕੇ ਉਸ ਦੀ ਲਾਸ਼ ਦਾ ਅੰਤਿਮ ਸਸਕਾਰ ਕਰਨ ਲਈ ਲਾਸ਼ ਉਸ ਦੇ ਪਿੰਡ ਮੰਡੀ ਕਲਾਂ ਲਿਆ ਗਿਆ। ਉਥੇ ਹੀ ਕਿਸਾਨ ਆਗੂ ਬਲਵਿੰਦਰ ਸਿੰਘ ਨੇ ਕਿਸਾਨ ਦੇ ਪਰਿਵਾਰ ਦੇ ਗਰੀਬ ਹੋਣ ਕਾਰਨ ਇੱਕ ਆਦਮੀ ਲਈ ਸਰਾਕਰੀ ਨੌਕਰੀ ਤੇ 10 ਲੱਖ ਰੁਪਏ ਦੀ ਮੰਗ ਕੀਤੀ ਹੈ।