ਲੁਧਿਆਣਾ : ਗੰਭੀਰ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਕਿਸੇ ਵੱਡੇ ਹਸਪਤਾਲ ਵਿੱਚ ਸ਼ਿਫਟ ਕਰਨ ਵਿੱਚ ਐਡਵਾਂਸਡ ਵੈਂਟੀਲੇਟਰ ਐਂਬੂਲੈਂਸ ਮਦਦਗਾਰ ਸਾਬਤ ਹੋਵੇਗੀ। ਏਵਨ ਸਾਈਕਲ ਦੇ ਸੀਐਮਡੀ ਓਂਕਾਰ ਸਿੰਘ ਪਾਹਵਾ ਨੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਹ ਐਂਬੂਲੈਂਸ ਸੰਵੇਦਨਾ ਟਰੱਸਟ ਨੂੰ ਸੌਂਪ ਦਿੱਤੀ ਹੈ।
ਇਸ ਐਂਬੂਲੈਂਸ ਵਿਚ ਵੈਂਟੀਲੇਟਰ, ਏ.ਸੀ., ਈ.ਸੀ.ਜੀ., ਆਕਸੀਜਨ ਮਸ਼ੀਨ, ਡਿਫਿਬ੍ਰਿਲੇਟਰ ਅਤੇ ਇਨਪੁਟ ਸਿਸਟਮ, ਸਕਸਨ ਪੰਪ, ਸਟ੍ਰੈਚਰ, ਆਕਸੀਮੀਟਰ ਅਤੇ ਬਜ਼ੁਰਗਾਂ ਅਤੇ ਬੱਚਿਆਂ ਲਈ ਫਸਟ ਏਡ ਕਿੱਟ ਵਰਗੀਆਂ ਸਹੂਲਤਾਂ ਹਨ। ਇਹ ਐਂਬੂਲੈਂਸ ਸੰਵੇਦਨਾ ਟਰੱਸਟ ਵੱਲੋਂ 80 ਕਿਲੋਮੀਟਰ ਤੱਕ ਦੇ ਗੰਭੀਰ ਮਰੀਜ਼ਾਂ ਨੂੰ ਮੁਫਤ ਦਿੱਤੀ ਜਾਏਗੀ।
ਡੀਸੀ ਵਰਿੰਦਰ ਸ਼ਰਮਾ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਵਿਖੇ ਲੋਕਾਂ ਨੂੰ ਐਂਬੂਲੈਂਸ ਸਮਰਪਿਤ ਕੀਤੀ। ਇਸ ਤੋਂ ਇਲਾਵਾ ਏਵਨ ਸਾਈਕਲ ਨੇ ਟਰੱਸਟ ਨੂੰ ਮਾਰਚਰੀ ਵੈਨ ਅਤੇ 15 ਆਕਸੀਜਨ ਕੰਸਟ੍ਰੇਟਰ ਵੀ ਦਿੱਤੇ। ਡੀਸੀ ਨੇ ਕਿਹਾ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਕੋਈ ਵੀ ਲੋੜਵੰਦ ਐਂਬੂਲੈਂਸ ਸੇਵਾਵਾਂ ਲਈ 95015-00101 ਅਤੇ 95015-00102 ‘ਤੇ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਕੋਵਿਡ ਫਤਿਹ ਕਿੱਟਾਂ ਦੀ ਖਰੀਦ ‘ਚ ਘਪਲਾ- ਰਾਘਵ ਚੱਢਾ ਵੱਲੋਂ ਲੋਕਪਾਲ ਨੂੰ ਚਿੱਠੀ ਲਿਖ ਕੇ ਜਾਂਚ ਦੀ ਮੰਗ
ਇਸ ਮੌਕੇ ਸੰਵੇਦਨਾ ਟਰੱਸਟ ਦੇ ਚੇਅਰਮੈਨ ਸੁਭਾਸ਼ ਗੁਪਤਾ, ਟਰੱਸਟੀ ਅਮਿਤ ਮਿਗਲਾਨੀ, ਕਮਲ ਸ਼ਰਮਾ, ਓਜਸਵੀ ਅਰੋੜਾ, ਡਾ. ਵਿਕਾਸ ਜਿੰਦਲ, ਗੁਰਮੀਤ ਸਿੰਘ, ਯਸ਼ ਮਲਹੋਤਰਾ, ਕੈਸ਼ੀਅਰ ਵਿਜੇ ਦਾਦੂ ਅਤੇ ਮੈਨੇਜਰ ਜਜਪ੍ਰੀਤ ਸਿੰਘ ਹਾਜ਼ਰ ਸਨ।