Advisory issued by the Punjab : ਪੰਜਾਬ ਸਰਕਾਰ ਨੇ ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਸਰਕਾਰੀ ਦਫਤਰਾਂ ਦਾ ਕੰਮਕਾਜ ਸੁਰੱਖਿਅਤ ਢੰਗ ਨਾਲ ਚਲਾਉਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿਚ ਵਿਸਥਾਰਤ ਹਿਦਾਇਤਾਂ ਅਤੇ ਪ੍ਰੋਟੋਕੋਲ ਜਾਰੀ ਕਰਨ ਦੇ ਨਾਲ ਹੀ ਮੁਲਾਜ਼ਮਾਂ ਦੀ ਸਿਹਤ ‘ਤੇ ਨਿਯਮਤ ਨਿਗਰਾਨੀ ਰੱਖਣ ਲਈ ਹਰੇਕ ਵਿਭਾਗ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ, ਜਿਨ੍ਹਾਂ ਨੂੰ ਨੂੰ ਆਪਣੀ ਰਿਪੋਰਟ ਦਫਤਰ ਦੇ ਮੁਖੀ ਨੂੰ ਸੌਂਪਣੀ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਦਫਤਰ ਵਿਚ ਕਰਮਚਾਰੀਆਂ ਨੂੰ ਘੱਟੋ ਘੱਟ ਦੋ ਮੀਟਰ ਦੀ ਦੂਰੀ ’ਤੇ ਬਿਠਾਉਣ ਦੀ ਵਿਵਸਥਾ ਕੀਤੀ ਜਾਵੇ। ਦਫਤਰਾਂ ਵਿਚ ਭੀੜ ਘਟਾਉਣ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਡਿਊਟੀ ਲਈ ਰਿਪੋਰਟ ਕਰਨ, ਡਿਊਟੀ ਤੋਂ ਬਾਅਦ ਘਰ ਜਾਣ, ਦੁਪਹਿਰ ਦੇ ਖਾਣੇ ਅਤੇ ਚਾਹ ਪੀਣ ਲਈ ਉਨ੍ਹਾਂ ਦੀ ਸਹੂਲਤ ਮੁਤਾਬਕ ਸਮਾਂ ਦਿੱਤਾ ਜਾਵੇ ਅਤੇ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾਏ ਰੱਖਣ ਸਬੰਧੀ ਨਿਯਮਾਂ ਨੂੰ ਬਣਾਈ ਰੱਖਿਆ ਜਾਵੇ।
ਇਸ ਤੋਂ ਇਲਾਵਾ ਹਿਦਾਇਤ ਦਿੱਤੀ ਗਈ ਹੈ ਕਿ ਉਨ੍ਹਾਂ ਕਰਮਚਾਰੀਆਂ ਨੂੰ ਵੱਧ ਤੋਂ ਵੱਧ 30 ਦਿਨ ਦੀ ਕੁਆਰੰਟੀਨ ਛੁੱਟੀ ਦਿੱਤੀ ਜਾਵੇ, ਜੋ ਕੋਵਿਡ-19 ਲਈ ਪਾਜ਼ਿਟਿਵ ਪਾਏ ਜਾਣ ਕਰਕੇ ਜਾਂ ਉਨ੍ਹਾਂ ਦੀ ਰਿਹਾਇਸ਼ ਕੰਟੇਨਮੈਂਟ ਜ਼ੋਨ ਜਾਂ ਬਫ਼ਰ ਜ਼ੋਨ ਵਿੱਚ ਹੋਣ ਕਰਕੇ ਦਫ਼ਤਰ ਨਹੀਂ ਜਾ ਸਕਦੇ। ਜੇ ਕੋਈ ਕਰਮਚਾਰੀ ਫਿਰ ਵੀ ਅਜਿਹੇ ਕਾਰਨਾਂ ਜੋ ਉਸਦੇ ਕੰਟਰੋਲ ਤੋਂ ਬਾਹਰ ਹਨ, ਕਰਕੇ ਕੁਆਰੰਟੀਨ ਲੀਵ ਦੇ 30 ਦਿਨਾਂ ਬਾਅਦ ਵੀ ਦਫ਼ਤਰ ਹਾਜ਼ਰ ਨਹੀਂ ਹੋ ਸਕਦਾ ਤਾਂ ਉਸ ਨੂੰ ਸਧਾਰਨ (ਆਰਡੇਨਰੀ) ਛੁੱਟੀ ਦਿੱਤੀ ਜਾਵੇਗੀ। ਦਫ਼ਤਰ ਦਾ ਮੁਖੀ ਕਿਸੇ ਵੀ ਵਿਸ਼ੇਸ਼ ਦਿਨ ਦਫਤਰ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਸੰਪੂਰਨ ਅਤੇ ਢੁੱਕਵਾਂ ਰਿਕਾਰਡ ਰੱਖੇਗਾ ਅਤੇ ਭੌਤਿਕ ਫਾਈਲਾਂ ਦੀ ਵਰਤੋਂ ਅਤੇ ਭੌਤਿਕ ਪੱਤਰ/ਨੋਟਿਸ/ਮੈਮੋ ਰਾਹੀਂ ਸੂਚਨਾਵਾਂ ਦੇ ਸੰਚਾਰ ਤੋਂ ਪਰਹੇਜ਼ ਕੀਤਾ ਜਾਵੇ। ਜਿੱਥੋਂ ਤੱਕ ਹੋ ਸਕੇ ਸਾਰਾ ਦਫਤਰੀ ਕੰਮ ਈ-ਆਫ਼ਿਸ, ਸਰਕਾਰੀ ਈਮੇਲਾਂ, ਟੈਲੀਫੋਨ, ਐਸ.ਐਮ.ਐਸ, ਵਟਸਐਪ, ਪੀ.ਬੀ.ਜੀ.ਆਰ.ਏ.ਐਮ ਅਤੇ ਹੋਰ ਇਲੈਕਟ੍ਰਾਨਿਕ ਮਾਧਿਅਮ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੀਆਂ ਸਰਕਾਰੀ ਮੀਟਿੰਗਾਂ ਜਿੱਥੋਂ ਤੱਕ ਸੰਭਵ ਹੋਵੇ ਵੀਡੀਓ ਕਾਨਫਰੰਸ ਰਾਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ (ਬੀ.ਏ.ਐੱਸ.) ਦੀ ਵਰਤੋਂ ਆਰਜ਼ੀ ਤੌਰ ‘ਤੇ ਬੰਦ ਰਹੇਗੀ।
ਦਫਤਰ ਦੇ ਪ੍ਰਵੇਸ਼ ਦੁਆਰ ‘ਤੇ ਥਰਮਲ ਸਕੈਨਰ ਲਗਾਏ ਜਾਣੇ ਚਾਹੀਦੇ ਹਨ,ਤਾਂ ਜੋ ਬੁਖਾਰ ਤੋਂ ਪੀੜਤ ਕਰਮਚਾਰੀਆਂ ਦੀ ਸਕ੍ਰੀਨਿੰਗ ਹੋ ਸਕੇ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਦਫਤਰ ਵਿੱਚ ਕਿਸੇ ਕਰਮਚਾਰੀ ਨੂੰ ਤੇਜ਼ ਬੁਖ਼ਾਰ ਹੈ ਜਾਂ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਤਾਂ ਉਕਤ ਕਰਮਚਾਰੀ ਨੂੰ ਅਸਥਾਈ ਤੌਰ ‘ਤੇ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਦਫਤਰ ਅੰਦਰਲੀਆਂ ਥਾਵਾਂ ਖ਼ਾਸਕਰ ਪ੍ਰਵੇਸ਼ ਦੁਆਰ ਅਤੇ ਉੱਚ ਸੰਪਰਕ ਵਾਲੀਆਂ ਸਤਿਹਾਂ ਨੇੜੇ ਹੈਂਡ ਸੈਨੀਟਾਈਜਿੰਗ ਸਟੇਸ਼ਨ ਸਥਾਪਤ ਕੀਤੇ ਜਾਣੇ ਚਾਹੀਦੇ ਹਨ। ਸਟਾਫ਼ ਲਈ ਦਫ਼ਤਰ ਦੇ ਪ੍ਰਵੇਸ਼ ਦੁਆਰ ‘ਤੇ ਅਲਕੋਹਲ-ਅਧਾਰਤ ਸੈਨੀਟਾਈਜ਼ਰ (ਘੱਟੋ ਘੱਟ 70% ਈਥਾਈਲ ਅਲਕੋਹਲ ) ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਦਫ਼ਤਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣ। ਏਅਰ ਕੰਡੀਸ਼ਨਿੰਗ ਸਿਸਟਮਜ਼ ਦੀ ਵਰਤੋਂ ਲਈ, ਦਿਸ਼ਾ-ਨਿਰਦੇਸ਼ ਹਵਾਲਾ ਨੰ: 3129 (ਆਰ) – 3136 (ਆਰ) ਮਿਤੀ 24 ਅਪ੍ਰੈਲ, 2020, ਸਾਰੇ ਸਰਕਾਰੀ ਦਫਤਰਾਂ ਵਿਚ ਲਾਗੂ ਹੋਣਗੇ। ਦਫ਼ਤਰ ਦੀ ਢੁੱਕਵੀਂ ਸਾਫ਼-ਸਫਾਈ ਨੂੰ ਧਿਆਨ ਵਿਚ ਰਖਦਿਆਂ ਕਰਮਚਾਰੀਆਂ ਨੂੰ ਆਪਣੇ ਹੱਥਾਂ ਨਾਲ ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਛੂਹਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪਣੇ ਘਰਾਂ ਦੇ ਬਾਹਰ ਹਰ ਸਮੇਂ ਕੱਪੜੇ ਦੇ ਮਾਸਕ ਪਹਿਨ ਕੇ ਨਿੱਕਲਣਾ ਚਾਹੀਦਾ ਹੈ। ਮਾਸਕ ਨੂੰ ਇਸ ਤਰ੍ਹਾਂ ਪਹਿਨਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ ਨਾਲ ਮੂੰਹ ਵੀ ਢੱਕਿਆ ਹੋਵੇ ਅਤੇ ਕੱਪੜੇ ਦੇ ਬਣੇ ਮਾਸਕ ਦੀ ਰੋਜ਼ਾਨਾ ਸਾਬਣ ਤੇ ਪਾਣੀ ਨਾਲ ਸਾਫ-ਸੁਥਰਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ।