African Swine flu: ਗੁਹਾਟੀ: ਇੱਕ ਪਾਸੇ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਭਾਰਤ ਵਿੱਚ ਇੱਕ ਹੋਰ ਜਾਨਲੇਵਾ ਬਿਮਾਰੀ ਅਫਰੀਕੀ ਸਵਾਇਨ ਫਲੂ ਨੇ ਦਸਤਕ ਦੇ ਦਿੱਤੀ ਹੈ । ਇਸ ਬਿਮਾਰੀ ਨੇ ਅਸਾਮ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ । ਅਸਾਮ ਸਰਕਾਰ ਅਨੁਸਾਰ ਅਫਰੀਕੀ ਸਵਾਇਨ ਫਲੂ ਕਾਰਨ ਰਾਜ ਦੇ ਸੱਤ ਜ਼ਿਲ੍ਹਿਆਂ ਦੇ 306 ਪਿੰਡਾਂ ਵਿੱਚ ਕਰੀਬ 2500 ਸੂਰਾਂ ਦੀ ਮੌਤ ਹੋ ਚੁੱਕੀ ਹੈ ।
ਦਰਅਸਲ, ਐਤਵਾਰ ਨੂੰ ਅਸਾਮ ਸਰਕਾਰ ਦੇ ਪਸ਼ੂ ਪਾਲਨ ਅਤੇ ਪਸ਼ੂ ਸਿਹਤ ਮੰਤਰੀ ਅਤੁੱਲ ਬੋਰਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਗਿਆ ਮਿਲਣ ਦੇ ਬਾਅਦ ਵੀ ਰਾਜ ਤੁਰੰਤ ਸੂਰਾਂ ਨੂੰ ਮਾਰਨ ਦੀ ਥਾਂ ਇਸ ਗੰਭੀਰ ਛੂਤ ਦੀ ਬਿਮਾਰੀ ਨੂੰ ਰੋਕਣ ਲਈ ਦੂਜਾ ਤਰੀਕਾ ਅਪਣਾਏਗਾ । ਉਨ੍ਹਾਂ ਕਿਹਾ, ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਅਫਰੀਕੀ ਸਵਾਇਨ ਫਲੂ ਹੈ । ਕੇਂਦਰ ਸਰਕਾਰ ਵੱਲੋਂ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਇਹ ਇਸ ਬੀਮਾਰੀ ਦਾ ਦੇਸ਼ ਵਿੱਚ ਪਹਿਲਾ ਮਾਮਲਾ ਹੈ।
ਇਸ ਵਾਇਰਸ ਦੇ ਫੈਲਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਫਰੀਕੀ ਸਵਾਇਨ ਫਲੂ ਸੂਰ ਦੇ ਮਾਸ, ਸਲਾਈਵਾ, ਖੂਨ ਅਤੇ ਟਿਸ਼ੂਆਂ ਰਾਹੀਂ ਫੈਲਦਾ ਹੈ । ਇਸ ਲਈ ਅਸਾਮ ਸਰਕਾਰ ਸੂਰਾਂ ਦੀ ਢੋਆ-ਢੁਆਈ ਰੋਕ ਦੇਵੇਗੀ । ਉਨ੍ਹਾਂ ਦੱਸਿਆ ਕਿ ਅਸੀਂ 10 ਕਿਲੋਮੀਟਰ ਦੇ ਘੇਰੇ ਨੂੰ ਨਿਗਰਾਨੀ ਜ਼ੋਨ ਵਿੱਚ ਬਦਲ ਦਿੱਤਾ ਹੈ ਤਾਂ ਜੋ ਸੂਰ ਹੋਰ ਕਿਤੇ ਨਾ ਜਾਣ ।
ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਕੀਤੀ ਗਈ ਸਾਲ 2019 ਦੀ ਜਨਗਣਨਾ ਅਨੁਸਾਰ ਅਸਾਮ ਵਿੱਚ ਸੂਰਾਂ ਦੀ ਗਿਣਤੀ 21 ਲੱਖ ਸੀ, ਪਰ ਹੁਣ ਇਹ ਵਧ ਕੇ ਕਰੀਬ 30 ਲੱਖ ਹੋ ਗਈ ਹੈ । ਬੋਰਾ ਨੇ ਕਿਹਾ ਕਿ ਅਸੀਂ ਮਾਹਰਾਂ ਨਾਲ ਚਰਚਾ ਕੀਤੀ ਹੈ ਕਿ ਕੀ ਅਸੀਂ ਤੁਰੰਤ ਮਾਰਨ ਦੀ ਥਾਂ ‘ਤੇ ਸੂਰਾਂ ਨੂੰ ਬਚਾ ਸਕਦੇ ਹਾਂ ।