ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਐਤਵਾਰ ਰਾਤ ਚੇਨਈ ਵਿਚ ਐਮਰਜੈਸੀ ਲੈਂਡਿੰਗ ਕਰਵਾਈ ਗਈ। ਏਅਰਲਾਈਨਸ ਵੱਲੋਂ ਇਸ ਦੀ ਵਜ੍ਹਾ ਤਕਨੀਕੀ ਖਰਾਬੀ ਤੇ ਖਰਾਬ ਮੌਸਮ ਦੱਸਿਆ ਗਿਆ ਹੈ।
ਜਹਾਜ਼ ‘ਚ 100 ਯਾਤਰੀ ਸਵਾਰ ਸਨ । ਕਾਂਗਰਸੀ ਸਾਂਸਦ ਕੇਸੀ ਵੇਣੂਗੋਪਾਲ ਸਣੇ 5 ਹੋਰ ਸਾਂਸਦ ਵੀ ਜਹਾਜ਼ ਵਿਚ ਸਨ। ਸਾਂਸਦ ਕੇਸੀ ਵੇਣੁਗੋਪਾਲ ਨੇ ਦੱਸਿਆ ਕਿ ਚੇਨਈ ਵਿਚ ਜਦੋਂ ਐਮਰਜੈਂਸੀ ਲੈਂਡਿੰਗ ਦੀ ਪਹਿਲੀ ਕੋਸ਼ਿਸ਼ ਹੋਈ ਤਾਂ ਸਾਹਮਣੇ ਦੂਜਾ ਜਹਾਜ਼ ਖੜ੍ਹਾ ਸੀ। ਪਾਇਲਟ ਪਲੇਨ ਨੂੰ ਦੁਬਾਰਾ ਹਵਾ ਵਿਚ ਲੈ ਗਿਆ ਤੇ ਦੂਜੀ ਕੋਸ਼ਿਸ਼ ਵਿਚ ਸੁਰੱਖਿਅਤ ਲੈਂਡਿੰਗ ਹੋ ਸਕੀ। ਫਲਾਈਟ ਹਾਦਸੇ ਦੇ ਬਿਲਕੁਲ ਕਰੀਬ ਪਹੁੰਚ ਚੁੱਕੀ ਸੀ। ਵੱਡਾ ਹਾਦਸਾ ਟਲਿਆ ਹੈ। ਕੇਸੀ ਵੇਣੁਗੋਪਾਲ ਨੇ ਦੱਸਿਆ ਕਿ ਅਸੀਂ ਪਾਇਲਟ ਦੀ ਸੂਝਬੂਝ ਤੇ ਕਿਸਮਤ ਨਾਲ ਬਚੇ। ਯਾਤਰੀਆਂ ਦੀ ਸੁਰੱਖਿਆ ਕਿਸਮਤ ‘ਤੇ ਨਹੀਂ ਛੱਡੀ ਜਾ ਸਕਦੀ। ਇਸ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।
ਹਾਲਾਂਕਿ ਏਅਰ ਇੰਡੀਆ ਨੇ ਦੂਜਾ ਜਹਾਜ਼ ਸਾਹਮਣੇ ਆਉਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਏਅਰ ਟ੍ਰੈਫਿਕ ਟ੍ਰੈਕਿੰਗ ਵੈੱਬਾਈਟ ਫਲਾਈਟ ਰਡਾਰ 24 ਮੁਤਾਬਕ ਫਲਾਈਟ ਨੇ 8.17 ਵਜੇ ਉਡਾਣ ਭਰੀ। ਇਸ ਨੂੰ 10.45 ਵਜੇ ਦਿੱਲੀ ਪਹੁੰਚਣਾ ਸੀ। ਏਅਰ ਇੰਡੀਆ ਨੇ ਵੀ ਬਿਆਨ ਜਾਰੀ ਕੀਤਾ ਜਿਸ ਵਿਚ ਕਿਹਾ ਗਿਆ ਕਿ ਜਹਾਜ਼ ਚੇਨਈ ਵਿਚ ਸੁਰੱਖਿਅਤ ਲੈਂਡ ਹੋਇਆ ਜਿਥੇ ਜਹਾਜ਼ ਦੀ ਜਾਂਚ ਕੀਤੀ ਗਈ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਜਲਦ ਤੋਂ ਜਲਦ ਪਹੁੰਚਾਉਣ ਲਈ ਬਦਲ ਦੀ ਵਿਵਸਥਾ ਕੀਤੀ ਗਈ ਤੇ ਇਸ ਅਸੁਵਿਧਾ ਲਈ ਖੇਦ ਪ੍ਰਗਟਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























