Air India travellers: ਨਵੀਂ ਦਿੱਲੀ: ਏਅਰ ਇੰਡੀਆ ਨੇ ਆਪਣੇ ਉਨ੍ਹਾਂ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਦੀ ਉਡਾਣ ਲਾਕਡਾਊਨ ਕਾਰਨ ਰੱਦ ਕੀਤੀ ਗਈ ਸੀ । ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀ ਟਿਕਟ 23 ਮਾਰਚ ਤੋਂ 31 ਮਈ 2020 ਦੇ ਵਿਚਕਾਰ ਬੁੱਕ ਕੀਤੀ ਗਈ ਸੀ। ਜੇ ਉਨ੍ਹਾਂ ਦੀ ਫਲਾਈਟ ਰੱਦ ਕੀਤੀ ਜਾਂਦੀ ਹੈ, ਤਾਂ ਉਹ ਦੁਬਾਰਾ ਟਿਕਟ ਬੁੱਕ ਕਰਵਾ ਸਕਦੇ ਹਨ । ਹੁਣ ਉਹ ਯਾਤਰੀ 25 ਮਈ ਤੋਂ 24 ਅਗਸਤ ਤੱਕ ਕਿਸੇ ਵੀ ਸਮੇਂ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਦੇ ਹਨ । ਉਨ੍ਹਾਂ ਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ ।
ਇਸ ਤੋਂ ਇਲਾਵਾ ਏਅਰ ਇੰਡੀਆ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਯਾਤਰੀ ਤਰੀਕ ਦੇ ਨਾਲ ਹੀ ਆਪਣਾ ਮਾਰਗ ਵੀ ਬਦਲਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਵੀ ਉਨ੍ਹਾਂ ਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ । ਬਾਕੀ ਜੋ ਕਿਰਾਏ ਦਾ ਅੰਤਰ ਹੋਵੇਗਾ, ਉਹ ਉਸਨੂੰ ਦੇਣਾ ਪਵੇਗਾ । ਜੇਕਰ ਕਿਸੇ ਯਾਤਰੀ ਨੇ ਆਪਣਾ ਮਾਰਗ ਬਦਲਣਾ ਹੈ ਜਾਂ ਤਰੀਕ ਬਦਲਣੀ ਪੈਂਦੀ ਹੈ, ਤਾਂ ਉਹ ਏਅਰ ਇੰਡੀਆ ਕਾਲ ਸੈਂਟਰ, ਏਆਈ ਬੁਕਿੰਗ ਦਫਤਰ ਅਤੇ ਅਧਿਕਾਰਤ ਏਆਈ ਟਰੈਵਲ ਏਜੰਟਾਂ ਦੇ ਜ਼ਰੀਏ ਅਜਿਹਾ ਕਰ ਸਕਦਾ ਹੈ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲਾਕਡਾਊਨ ਲਾਗੂ ਕੀਤਾ ਗਿਆ ਹੈ । ਜਿਸਦੇ ਮੱਦੇਨਜ਼ਰ ਬੱਸਾਂ, ਉਡਾਣਾਂ ਅਤੇ ਟ੍ਰੇਨਾਂ ‘ਤੇ ਪਾਬੰਦੀ ਲਗਾਈ ਗਈ ਸੀ, ਪਰ ਸਰਕਾਰ ਨੇ ਲਾਕਡਾਊਨ-4 ਵਿੱਚ ਢਿੱਲ ਦਿੰਦਿਆਂ ਦੇਸ਼ ਦੇ 2 ਰਾਜਾਂ ਨੂੰ ਛੱਡ ਕੇ 25 ਮਈ ਤੋਂ ਦੇਸ਼ ਵਿੱਚ ਉਡਾਣ ਸੇਵਾਵਾਂ ਸ਼ੁਰੂ ਕਰ ਦਿੱਤੀ ਹੈ । ਆਂਧਰਾ ਪ੍ਰਦੇਸ਼ ਵਿੱਚ 26 ਮਈ ਤੋਂ ਉਡਾਣ ਸੇਵਾ ਸ਼ੁਰੂ ਹੋਈ ਤੇ ਜਦਕਿ ਪੱਛਮੀ ਬੰਗਾਲ ਵਿੱਚ ਇਹ ਸੇਵਾ 28 ਮਈ ਤੋਂ ਸ਼ੁਰੂ ਹੋਣ ਦੀ ਉਮੀਦ ਹੈ ।