All officers employees of : ਕੋਵਿਡ-19 ਸੰਕਟ ਵਿੱਚ ਫਰਟੰਲਾਈਨ ‘ਤੇ ਡਟੇ ਆਪਣੇ ਸਮੂਹ ਅਧਿਕਾਰੀਆਂ/ ਮੁਲਾਜ਼ਮਾਂ ਵੱਲੋਂ ਨਿਭਾਈ ਜਾ ਰਹੀ ਆਪਣੀ ਡਿਊਟੀ ਦੇ ਮੱਦੇਨਜ਼ਰ ਸਹਿਕਾਰਤਾ ਵਿਭਾਗ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ, ਜਿਸ ਅਧੀਨ ਉਹ ਆਪਣੇ ਵਿਭਾਗ ਦੇ ਸਾਰੇ ਮੁਲਾਜ਼ਮਾਂ ਦਾ 25 ਲੱਖ ਰੁਪਏ ਦਾ ਬੀਮਾ ਕਵਰ ਕਰਵਾਏਗੀ। ਇਹ ਬੀਮਾ ਰੈਗੂਲਰ, ਠੇਕੇ ਅਤੇ ਆਊਟਸੋਰਸਿੰਗ ਉੱਤੇ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ਦਾ ਕੀਤਾ ਜਾਵੇਗਾ ਜੋ ਇਸ ਵੇਲੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਲਗਾਏ ਕਰਫਿਊ/ਲੌਕਡਾਊਨ ਦੌਰਾਨ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਸਹਿਕਾਰਤਾ ਮੰਤਰੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੰਟਲਾਈਨ ‘ਤੇ ਕੰਮ ਕਰ ਰਹੇ ਪੰਜ ਸਹਿਕਾਰੀ ਅਦਾਰਿਆਂ ਸ਼ੂਗਰਫੈਡ, ਮਿਲਕਫੈਡ, ਮਾਰਕਫੈਡ, ਪੰਜਾਬ ਰਾਜ ਸਹਿਕਾਰੀ ਬੈਂਕ ਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 14905 ਅਧਿਕਾਰੀਆਂ/ਕਰਮਚਾਰੀਆਂ ਦਾ 25 ਲੱਖ ਰੁਪਏ ਪ੍ਰਤੀ ਮੁਲਾਜ਼ਮ ਬੀਮਾ ਕਵਰ ਇਕ ਸਾਲ ਲਈ ਕੀਤਾ ਜਾ ਰਿਹਾ ਹੈ। ਪ੍ਰਤੀ ਮੁਲਾਜ਼ਮ 1977 ਰੁਪਏ ਸਮੇਤ ਜੀ.ਐਸ.ਟੀ. ਪ੍ਰੀਮੀਅਮ ਖ਼ਰਚ ਆ ਰਿਹਾ ਹੈ ਜਿਸ ਤਹਿਤ ਸਾਰੇ 14905 ਮੁਲਾਜ਼ਮਾਂ ਦੇ ਬੀਮੇ ਲਈ ਪ੍ਰੀਮੀਅਮ ਦਾ ਕੁੱਲ ਖ਼ਰਚਾ 2.95 ਕਰੋੜ (2,94,67,185) ਰੁਪਏ ਆਵੇਗਾ। ਪ੍ਰੀਮੀਅਮ ਦੀ ਰਕਮ ਸਬੰਧਤ ਸਹਿਕਾਰੀ ਅਦਾਰੇ ਵੱਲੋਂ ਆਪੋ-ਆਪਣੇ ਮੁਲਾਜ਼ਮਾਂ ਦੀ ਗਿਣਤੀ ਦੇ ਹਿਸਾਬ ਨਾਲ ਅਦਾ ਕੀਤੀ ਜਾਵੇਗੀ।
ਇਸ ਦੌਰਾਨ ਸਹਿਕਾਰਤਾ ਮੰਤਰੀ ਨੇ ਸਾਰੇ ਮੁਲਾਜ਼ਮਾਂ ਦੇ ਵੇਰਵੇ ਦਿੱਤੇ ਜਿਸ ਮੁਤਾਬਕ ਉਨ੍ਹਾਂ ਦੱਸਿਆ ਕਿ ਪੰਜੇ ਸਹਿਕਾਰੀਆਂ ਅਦਾਰਿਆਂ ਦੇ ਕੁੱਲ 14905 ਅਧਿਕਾਰੀਆਂ/ ਕਰਮਚਾਰੀਆਂ ਵਿੱਚੋਂ 8812 ਰੈਗੂਲਰ ਅਤੇ 6093 ਠੇਕੇ ਅਤੇ ਆਊਟਸੋਰਸਿੰਗ ਉਤੇ ਕੰਮ ਕਰਦੇ ਹਨ। ਸਹਿਕਾਰਤਾ ਵਿਭਾਗ ਵੱਲੋਂ ਲਏ ਇਸ ਅਹਿਮ ਫੈਸਲੇ ਦੇ ਅਧੀਨ ਸ਼ੂਗਰਫੈਡ ਦੇ 2090, ਮਿਲਕਫੈਡ ਦੇ 6298, ਮਾਰਕਫੈਡ ਦੇ 1421, ਪੰਜਾਬ ਰਾਜ ਸਹਿਕਾਰੀ ਬੈਂਕ ਦੇ 4217 ਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 879 ਮੁਲਾਜ਼ਮਾਂ ਦਾ ਬੀਮਾ ਕਰਵਾਇਆ ਜਾਵੇਗਾ।