All tourism related projects : ਚੰਡੀਗੜ੍ਹ : ਪੰਜਾਬ ਦੇ ਸੈਰਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਹੈ ਕਿ ਸੈਰਸਪਾਟੇ ਨਾਲ ਸਬੰਧਤ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਵਾਲੀ ਥਾਂ ‘ਤੇ ਵਧੇਰੇ ਸਰੋਤ ਅਤੇ ਲੇਬਰ ਤਾਇਨਾਤ ਕੀਤੀ ਜਾਵੇ ਅਤੇ ਸਾਰਾ ਕੰਮ ਇਸ ਸਾਲ ਸਤੰਬਰ ਦੇ ਅੰਤ ਤੱਕ ਪੂਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਸਰਹਿੰਦ- ਮੋਰਿੰਡਾ ਰੋਡ ‘ਤੇ ਸ਼ੇਰ ਸ਼ਾਹ ਸੂਰੀ ਚੌਕ, ਗੁਰੂਦਵਾਰਾ ਸ੍ਰੀ ਜੋਤੀ ਸਵਰੂਪ ਨੇੜੇ ਰੋਡ, ਸਹੀਦ ਊਧਮ ਸਿੰਘ ਜੀ ਦੀ ਸਮਾਧੀ ਅਤੇ ਦੀਵਾਨ ਟੋਡਰ ਮੱਲ ਦੀ ਜਾਜ ਹਵੇਲੀ ਵਿਖੇ ਸੈਰ ਸਪਾਟਾ ਬੁਨਿਆਦੀ ਢਾਂਚੇ ਦੇ ਵਿਕਾਸ, ਡੇਰਾ ਮੀਰ ਮੀਆਂ ਮਕਬਰਾ ਅਤੇ ਮਕਬਰਾ ਸਦਨਾ ਕਸਾਈ ਦੇ ਸੁੰਦਰੀਕਰਨ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਵਿਖੇ 14.20 ਕਰੋੜ ਰੁਪਏ ਦੀ ਲਾਗਤ ਵਾਲਾ ਕੰਮ ਪੰਜਾਬ ਵਿਰਾਸਤ ਤੇ ਸੈਰਪਸਪਾਟਾ ਪ੍ਰੋਤਸਾਹਨ ਬੋਰਡ (ਪੀ.ਐੱਚ. ਟੀ. ਬੀ.) ਦੁਆਰਾ ਕੀਤੇ ਜਾਣ ਬਾਰੇ ਵੀ ਜਾਣੂ ਕਰਵਾਇਆ ਗਿਆ।
ਪ੍ਰਮੁੱਖ ਸਕੱਤਰ ਹੁਸਨ ਲਾਲ ,ਆਈਏਐਸ ਅਤੇ ਡਾਇਰੈਕਟਰ (ਸੈਰਸਪਾਟਾ ਤੇ ਸਭਿਆਚਾਰਕ ਮਾਮਲੇ ) ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਸਾਰੇ ਕੰਮਾਂ ਨੂੰ ਮਿੱਥੇ ਸਮੇਂ ਅਨੁਸਾਰ ਨੇਪਰੇ ਚੜ੍ਹਾਉਣ ਹਿੱਤ ਰੀਵਿਊ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮਹਿੰਦਰਾ ਕੋਠੀ,ਪਟਿਆਲਾ ਵਿਖੇ 8.95 ਕਰੋੜ ਰੁਪਏ ਦੀ ਲਾਗਤ ਨਾਲ ਆਈਡੀਆਈਪੀਟੀ ਪ੍ਰਾਜੈਕਟ ਤਹਿਤ ਵਿਕਸਿਤ ਕੀਤੇ ਜਾ ਰਹੀ ਮੈਡਲ ਗੈਲਰੀ ਤੇ ਕੁਆਇਨ ਮਿਉਜ਼ੀਅਮ, ਕਿਲਾ ਮੁਬਾਰਕ ਪਟਿਆਲਾ ਵਿਖ 7.50 ਕਰੋੜ ਰੁਪਏ ਦੀ ਲਾਗਤ ਨਾਲ ਰਾਮਬਾਗ ਦੀ ਸਾਂਭ ਸੰਭਾਲ ਅਤੇ ਕਿਲਾ ਮੁਬਾਰਕ ਪਟਿਆਲਾ ਵਿਖੇ 9.00 ਕਰੋੜ ਰੁਪਏ ਦੀ ਲਾਗਤ ਨਾਲ ਮੋਤੀ ਮਹਿਲ ਦੀ ਸਾਂਭ ਸੰਭਾਲ ਦੇ ਕੰਮਾਂ ਦਾ ਜਾਇਜ਼ਾ ਲਿਆ।