Amritsar Police Arrests Five Smugglers : ਅੰਮ੍ਰਿਤਸਰ : ਪੰਜਾਬ ਵਿਚ ਨਸ਼ਾ ਸਮੱਗਲਰਾਂ ਖਿਲਾਫ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਅਧੀਨ ਕਾਰਵਾਈ ਕਰਦਿਆਂ ਵੇਰਕਾ ਪੁਲਿਸ ਵੱਲੋਂ ਜਮੂ ਨਸ਼ਾ ਖਰੀਦਣ ਜਾ ਰਹੇ ਪੰਜ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਸਾਢੇ 22 ਲੱਖ ਰੁਪੇ ਦੀ ਡਰੱਗ ਮਨੀ, ਟਰੱਕ ਅਤੇ ਚੋਰੀ ਦੀਆਂ ਕਈ ਕਾਰਾਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕਰਕੇ 14 ਅਗਸਤ ਤੱਕ ਦਾ ਰਿਮਾਂਡ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਸ਼ਾ ਸਮੱਗਲਰਾਂ ਵਿਚ ਧਰਮਿੰਦਰ ਸਿੰਘ, ਸ਼ਮਿੰਦਰ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ ਤੇ ਕਰਮਜੀਤ ਸਿੰਘ ਸ਼ਾਮਲ ਹੈ। ਪੰਜਾਂ ਨੇ ਕਈ ਸਾਲਾਂ ਤੋਂ ਇਕ ਗਿਰੋਹ ਬਣਾਇਆ ਹੈ। ਇਸ ਗਿਰੋਹ ਦਾ ਸਰਗਣਾ ਧਰਮਿੰਦਰ ਸਿੰਘ ਹੈ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਇਕ ਗੁਪਤ ਜਾਣਕਾਰੀ ਮਿਲੀ ਸੀ ਕਿ ਸਮੱਗਲਰਾਂ ਦਾ ਇਕ ਗਿਰੋਹ ਜੰਮੂ-ਕਸ਼ਮੀਰ ਤੋਂ ਨਸ਼ੀਲੇ ਪਦਾਰਥ ਖਰੀਦਣ ਜਾ ਰਿਹਾ ਹੈ।
ਪੁਲਿਸ ਨੇ ਵੇਰਕਾ ਚੌਕ ਦੇ ਨੇੜੇ ਬੁੱਧਵਾਰ ਨੂੰ ਨਾਕਾ ਲਗਾ ਕੇ ਪੰਜਾਂ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਪੰਜੇ ਟਰੱਕ ਵਿਚ ਬੈਠੇ ਸਨ। ਡਰੱਗ ਮਨੀ ਵੀ ਇਨ੍ਹਾਂ ਨੇ ਟਰੱਕ ਵਿਚ ਹੀ ਲੁਕਾਈ ਸੀ। ਪੁੱਛਗਿੱਛ ਵਿਚ ਇਨ੍ਹਾਂ ਨੇ ਦੱਸਿਆ ਕਿ ਇਸ ਰਕਮ ਨਾਲ ਉਹ ਨਸ਼ਾ ਖਰੀਦਣ ਜਾ ਰਹੇ ਸਨ। ਰਿਮਾਂਡ ਦੇ ਦੌਰਾਨ ਪੁਲਿਸ ਉਨ੍ਹਾਂ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਥੋਂ ਇਹ ਡਰੱਗਸ ਖਰੀਦਦੇ ਸਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਪੁਲਿਸ ਵਲੋਂ ਸੂਬੇ ਵਿਚ ਕੀਤੀ ਕਈ ਜਗ੍ਹਾ ਛਾਪੇਮਾਰੀ ਕੀਤੀ ਗਈ, ਜਿਸ ਵਿਚ ਹੁਸ਼ਿਆਰਪੁਰ, ਮੁਕਤਸਰ ਤੋਂ 200-200 ਲੀਟਰ ਲਾਹਣ ਤੇ 78 ਬੋਤਲਾਂ ਸ਼ਰਾਬ ਦੀਆਂ ਵੀ ਫੜੀਆਂ ਗਈਆਂ ਹਨ।