Amritsar youth arrested : ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਹੋਮਗਾਰਡ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਰੁਪਏ ਠੱਗਣ ਵਾਲੇ ਪੰਜਾਬ ਪੁਲਿਸ ਦੀ ਵਰਦੀ ਪਹਿਨੀਂ ਇਕ ਫਰਜ਼ੀ ਇੰਸਪੈਕਟਰ ਨੂੰ ਸੈਕਟਰ-17 ਥਾਣਾ ਪੁਲਿਸ ਨੇ ਨੀਲਮ ਸਿਨੇਮਾ ਦੇ ਕੋਲੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਛੇ ਮਹੀਨਿਆਂ ਤੋਂ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਠੱਗ ਰਿਹਾ ਸੀ।
ਦੋਸ਼ੀ ਦੀ ਪਛਾਣ ਮੂਲ ਤੌਰ ’ਤੇ ਅੰਮ੍ਰਿਤਸਰ ਨਿਵਾਸੀ 27 ਸਾਲਾ ਰਾਜਬੀਰ ਸਿੰਘ ਵਜੋਂ ਹੋਈ ਹੈ। ਸੈਕਟਰ-17 ਥਾਣਾ ਪੁਲਿਸ ਨੇ ਦੋਸ਼ੀ ਖਿਲਾਫ ਆਈਪੀਸੀ ਦੀ ਧਾਰਾ 420 ਅਤੇ 171 ਅਧੀਨ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੂੰ ਸ਼ੁੱਕਰਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਤਾਂਜੋ ਮਾਮਲੇ ਵਿੱਚ ਹੋਰ ਖੁਲਾਸੇ ਹੋ ਸਕਣ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਚੰਡੀਗੜ੍ਹ ਸਥਿਤ ਇਕ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਹ ਹੁਣ ਪਾਰਟੀਆਂ ਵਿੱਚ ਗਾਣਾ ਗਾਉਣ ਦਾ ਕੰਮ ਕਰਦਾ ਹੈ। ਉਸ ਨੂੰ ਉਸ ਦੇ ਪਰਿਵਾਰ ਵੱਲੋਂ ਬੇਦਖਲ ਕੀਤਾ ਹੋਇਆ ਸੀ। ਪਿਛਲੇ ਲਗਭਗ ਛੇ ਮਹੀਨਿਆਂ ਤੋਂ ਉਹ ਲੋਕਾਂ ਦੇ ਫਸੇ ਕੰਮ ਅਤੇ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਰੁਪਏ ਠੱਗ ਰਿਹਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੋਕਾਂ ਨੂੰ ਵੱਖ-ਵੱਖ ਵਿਭਾਗ ਵਿੱਚ ਅਧਿਕਾਰੀਆਂ ਤੱਕ ਪਹੁੰਚ ਹੋਣ ਦੀ ਗੱਲ ਕਰਕੇ ਉਹ ਠੱਗੀ ਕਰਦਾ ਸੀ। ਪੁਲਿਸ ਟੀਮ ਹੁਣ ਦੋਸ਼ੀ ਦੇ ਮੋਬਾਈਲ ਨੰਬਰ ਤੋਂ ਡਿਟੇਲ ਖੰਗਾਲ ਕੇ ਹੋਰ ਸਬੂਤ ਇਕੱਠਾ ਕਰਨ ਵਿੱਚ ਲੱਗੀ ਹੋਈ ਹੈ।