ਮੋਗਾ ਵਿੱਚ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਐਂਬੂਲੈਂਸ ਡਰਾਈਵਰ ਮਰੀਜ਼ ਨੂੰ ਆਕਸੀਜਨ ਸਿਲੰਡਰ ਲਗਾ ਰਿਹਾ ਸੀ, ਅਚਾਨਕ ਸਿਲੰਡਰ ਵਿੱਚ ਧਮਾਕਾ ਹੋ ਗਿਆ। ਧਮਾਕੇ ਦੀ ਅੱਗ ਵਿੱਚ ਝੁਲਸਣ ਕਾਰਨ ਐਂਬੂਲੈਂਸ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮਰੀਜ਼ ਦਾ ਜਵਾਈ ਬੁਰੀ ਤਰ੍ਹਾਂ ਝੁਲਸ ਗਿਆ।
ਉਸ ਨੂੰ ਮਥੁਰਾਦਾਸ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਮਥੁਰਾਦਾਸ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਸਿੱਧੂ ਹਸਪਤਾਲ ਵਿੱਚ ਪਿੰਡ ਕੋਕਰੀ ਬਹਿਣੀਵਾਲ ਨਿਵਾਸੀ ਅਜਮੇਰ ਸਿੰਘ ਪੁੱਤਰ ਬਚਨ ਸਿੰਘ (60) ਨੂੰ ਵਿਗੜੀ ਹਾਲਤ ਕਰਕੇ ਜਵਾਬ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲੇ ਮਰੀਜ਼ ਨੂੰ ਹਸਪਤਾਲ ਦੀ ਐਂਬੂਲੈਂਸ ਵਿੱਚ ਘਰ ਲੈ ਆਏ।
ਘਰ ਪਹੁੰਚਣ ਤੋਂ ਬਾਅਦ ਜਦੋਂ ਪਰਿਵਾਰ ਨੇ ਐਂਬੂਲੈਂਸ ਡਰਾਈਵਰ ਨੂੰ ਮਰੀਜ਼ ਨੂੰ ਆਕਸੀਜਨ ਲਗਾਉਣ ਦੀ ਬੇਨਤੀ ਕੀਤੀ ਤਾਂ ਆਕਸੀਜਨ ਲਗਾਉਂਦੇ ਸਮੇਂ ਸਿਲੰਡਰ ਫਟ ਗਿਆ ਅਤੇ ਅੱਗ ਲੱਗ ਗਈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਕਿਸਾਨਾਂ ਨੂੰ ਸਮਰਥਨ- ਪਤਨੀ ਨਾਲ ਕੋਠੀ ‘ਤੇ ਲਹਿਰਾਇਆ ਕਾਲਾ ਝੰਡਾ
ਇਸ ਹਾਦਸੇ ਵਿੱਚ ਐਂਬੂਲੈਂਸ ਚਾਲਕ ਸਤਨਾਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮਰੀਜ਼ ਦਾ ਜਵਾਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਅੱਗ ਬੁਝਾਉਣ ਤੋਂ ਬਾਅਦ ਡਰਾਈਵਰ ਅਤੇ ਜ਼ਖਮੀਆਂ ਨੂੰ ਉਸੇ ਐਂਬੂਲੈਂਸ ਰਾਹੀਂ ਮਥੁਰਾਦਾਸ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਜ਼ਖਮੀਆਂ ਨੂੰ ਦਾਖਲ ਕਰਾਇਆ ਗਿਆ ਹੈ। ਜਦੋਂਕਿ ਮ੍ਰਿਤਕ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਘਰ ਵਿਚ ਰੱਖਵਾ ਦਿੱਤਾ।