Andhra Pradesh Tractor collided: ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ । ਪ੍ਰ੍ਕਾਸ਼ਮ ਜ਼ਿਲ੍ਹੇ ਵਿੱਚ ਓਨਗਲੇ ਦੇ ਇੱਕ ਪਿੰਡ ਨਾਗੁਲਪਲਾਪਾੜੂ ਵਿਚ 30 ਮਜ਼ਦੂਰਾਂ ਨੂੰ ਲੈ ਜਾ ਰਿਹਾ ਇੱਕ ਟ੍ਰੈਕਟਰ ਹਾਈ ਟੈਂਸ਼ਨ ਪੋਲ ਦੀ ਚਪੇਟ ਵਿੱਚ ਆ ਗਿਆ । ਇਸ ਹਾਦਸੇ ‘ਚ 9 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਜਖ਼ਮੀ ਦੱਸੇ ਜਾ ਰਹੇ ਹਨ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਜਖ਼ਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ । ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 6 ਮਜ਼ਦੂਰ ਇੱਕ ਹੀ ਘਰ ਦੇ ਸਨ। ਜਿਸ ਤੋਂ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਸ਼ਾਮ 6.30 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਕੰਮ ਤੋਂ ਬਾਅਦ ਤਕਰੀਬਨ 30 ਮਿਰਚਾਂ ਵਾਲੇ ਖੇਤ ਮਜ਼ਦੂਰਾਂ ਨੂੰ ਟਰੈਕਟਰ ਰਾਹੀਂ ਉਨ੍ਹਾਂ ਦੇ ਘਰ ਲਿਜਾਇਆ ਜਾ ਰਿਹਾ ਸੀ। ਪਿੰਡ ਜਾਂਦੇ ਸਮੇਂ ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਅਤੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਲੋਕਾਂ ‘ਤੇ ਡਿੱਗ ਪਈਆਂ ਅਤੇ ਲੋਕ ਉਸਦੀ ਚਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਨੌ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਪੁਲਿਸ ਅਨੁਸਾਰ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਹੋ ਗਈ ਹੈ । ਮਰਨ ਵਾਲਿਆਂ ਵਿੱਚ ਪੀਕਾ ਕਪੇਸ਼ਵਰ ਅੰਮਾ (50), ਨੁੱਕਥੋਤੀ ਲਕਸ਼ਮਾ (65), ਕਾਕੁਮਾਨੂ ਰਾਮਾ ਦੇਵੀ (55), ਕੁਮਾਰੀ (45), ਰਾਮਸਰੀ (40), ਰਵੀ ਸ਼ੰਕਰ (20), ਸ਼ਿਵਾ (17), ਮੋਨਿਕਾ (18) ਅਤੇ ਅਮੂਲਿਆ (18) ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ 20 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਓਨਗੋਲ ਸ਼ਹਿਰ ਦੇ ਰਿੰਸ ਹਸਪਤਾਲ ਲਿਜਾਇਆ ਗਿਆ ਹੈ ।
ਇਸ ਹਾਦਸੇ ‘ਤੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਨੇ ਦੁੱਖ ਜਤਾਇਆ ਹੈ। ਰਾਜਪਾਲ ਬਿਸ਼ਵਭੂਸ਼ਣ ਹਰਿਚੰਦਨ ਨੂੰ ਸੂਚਿਤ ਕੀਤਾ ਗਿਆ ਕਿ ਜ਼ਿਲ੍ਹਾਂ ਪ੍ਰਸ਼ਾਸਨ ਨੇ ਜਖ਼ਮੀ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਰਾਜਪਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਾਰਦਿਕ ਸੰਵੇਦਨਾ ਜ਼ਾਹਿਰ ਕੀਤੀ।