Annoyed PGI nurse commits suicide : ਚੰਡੀਗੜ੍ਹ ਵਿਖੇ ਪੀਜੀਆਈ ਨਰਸ ਵੱਲੋਂ ਜ਼ਹਿਰ ਦਾ ਟੀਕਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਦਵਿੰਦਰ ਕੌਰ ਵਾਸੀ ਹਰੀਓਮ ਸੁਸਾਇਟੀ, ਨਯਾਗਾਓਂ ਵਜੋਂ ਹੋਈ ਹੈ, ਜੋਕਿ ਓਪੀਡੀ ਵਿਚ ਨਰਸਿੰਗ ਅਧਿਕਾਰੀ ਵਜੋਂ ਤਾਇਨਾਤ ਸੀ। ਪੁਲਿਸ ਨੂੰ ਮ੍ਰਿਤਕਾ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਆਪਣੇ ਨਾਲ ਕੰਮ ਕਰ ਰਹੇ ਚਾਰ ਸੀਨੀਅਰ ਡਿਊਟੀ ਸਟਾਫ ਨੂੰ ਆਪਣੀ ਮੌਤ ਦਾ ਦੋਸ਼ੀ ਠਹਿਰਾਇਆ ਹੈ। ਦਵਿੰਦਰ ਕੌਰ ਦੀ ਲਾਸ਼ ਨੂੰ ਖਰੜ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਸ ਸ਼ੱਕੀ ਹੋਣ ਕਾਰਨ ਦਵਿੰਦਰ ਕੌਰ ਦਾ ਪੋਸਟ ਮਾਰਟਮ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸੁਸਾਇਡ ਨੋਟ ਵਿਚ ਮ੍ਰਿਤਕਾ ਦਵਿੰਦਰ ਕੌਰ ਨੇ ਲਿਖਿਆ ਹੈ ਕਿ ਉਹ ਆਪਣੇ ਚਾਰ ਡਿਊਟੀ ਸਟਾਫ ਤੋਂ ਤੰਗ ਆ ਕੇ ਇਹ ਖੁਦਕੁਸ਼ੀ ਕਰ ਰਹੀ ਹੈ। ਸੁਸਾਈਡ ਨੋਟ ਅਤੇ ਦਵਿੰਦਰ ਕੌਰ ਦੇ ਪਤੀ ਅਮਿਤ ਦੇ ਬਿਆਨਾਂ ‘ਤੇ ਪੀਜੀਆਈ ਦੀਆਂ 4 ਮਹਿਲਾ ਕਰਮਚਾਰੀਆਂ ਖਿਲਾਫ ਧਾਰਾ 306 ਅਤੇ 34 ਦੇ ਤਹਿਤ ਨਯਾਗਾਓਂ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਦਵਿੰਦਰ ਕੌਰ ਦੇ ਪਤੀ ਅਮਿਤ ਨੇ ਦੱਸਿਆ ਕਿ ਦਵਿੰਦਰ ਕੌਰ ਪਹਿਲਾਂ ਓਪੀਡੀ ਵਿੱਚ ਡਿਊਟੀ ’ਤੇ ਸੀ, ਪਰ ਕੁਝ ਸਮੇਂ ਬਾਅਦ ਉਸ ਨੂੰ ਗਾਇਨੀਕੋਲੋਜੀ ਵਿੱਚ ਤਬਦੀਲ ਕਰ ਦਿੱਤਾ ਗਿਆ। ਦਵਿੰਦਰ ਕੌਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਆਦਾ ਕੰਮ ਦੇ ਭਾਰ ਕਾਰਨ ਇਥੇ ਡਿਊਟੀ ਨਹੀਂ ਕਰ ਸਕਦੀ, ਇਸ ਲਈ ਉਸ ਨੂੰ ਦੁਬਾਰਾ ਓਪੀਡੀ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ ਹੈ। ਪਰ ਅਧਿਕਾਰੀਆਂ ਨੇ ਉਸ ਦੀ ਇੱਕ ਨਾ ਸੁਣੀ, ਜਿਸ ਤੋਂ ਬਾਅਦ ਉਕਤ ਦਵਿੰਦਰ ਕੌਰ ਡੇਢ ਮਹੀਨੇ ਦੀ ਛੁੱਟੀ ‘ਤੇ ਚਲੀ ਗਈ।
ਦਸਣਯੋਗ ਹੈ ਕਿ ਨਰਸ ਨੇ 22 ਅਪ੍ਰੈਲ ਨੂੰ ਆਪਣੇ ਹੱਥ ਦੀ ਨੱਸ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਕੋਸ਼ਿਸ਼ ਵਿੱਚ ਉਸਦੀ ਜਾਨ ਬਚ ਗਈ। ਜਦੋਂ ਦਵਿੰਦਰ ਕੌਰ ਠੀਕ ਹੋ ਗਈ ਅਤੇ ਦੁਬਾਰਾ ਆਪਣੀ ਡਿਊਟੀ ਜੁਆਇਨ ਕੀਤੀ ਤਾਂ ਅਧਿਕਾਰੀਆਂ ਨੇ ਉਸ ਨੂੰ ਓਪੀਡੀ ਵਿਚ ਤਬਦੀਲ ਕਰ ਦਿੱਤਾ। ਪਰ ਓਪੀਡੀ ਵਿਚ ਤਬਦੀਲ ਹੋਣ ਦੇ ਬਾਵਜੂਦ ਅਧਿਕਾਰੀ ਉਸ ਨੂੰ ਡੇਢ ਮਹੀਨੇ ਦੀ ਛੁੱਟੀ ਦਾ ਰਿਕਾਰਡ ਦੇਣ ਲਈ ਆਖ ਰਹੇ ਸਨ, ਜਿਸ ਤੋਂ ਤੰਗ ਆ ਕੇ ਦਵਿੰਦਰ ਕੌਰ ਨੇ ਐਤਵਾਰ ਰਾਤ ਨੂੰ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਖੁਦਕੁਸ਼ੀ ਕਰ ਲਈ।