Another Covid-19 case : ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਤੇ ਪਾਜੀਟਿਵ ਕੇਸਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਜਿਲ੍ਹਾ ਮੋਗਾ ਵਿਖੇ ਅੱਜ ਇਕ ਨਵੇਂ ਕੋਰੋਨਾ ਪਾਜੀਟਿਵ ਕੇਸ ਦੀ ਪੁਸ਼ਟੀ ਹੋਈ ਹੈ। ਇਹ ਵਿਅਕਤੀ ਮੋਗਾ ਦੇ ਪਿੰਡ ਡਰੋਲੀ ਭਾਈ ਨਾਲ ਸਬੰਧਤ ਹੈ। ਇਸ ਤਰ੍ਹਾਂ ਜਿਲ੍ਹਾ ਮੋਗਾ ਵਿਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 64 ਹੋ ਗਈ ਹੈ। ਅੱਜ ਜਿਸ ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਹੈ ਉਹ ਕੁਝ ਦਿਨ ਪਹਿਲਾਂ ਹੀ ਚੀਨ ਤੋਂ ਪਰਤਿਆ ਹੈ। ਮੋਗਾ ਵਿਖੇ ਫਿਲਹਾਲ ਕੋਰੋਨਾ ਦੇ 4 ਐਕਟਿਵ ਕੇਸ ਹਨ ਤੇ ਬਾਕੀ ਸਾਰੇ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਹ ਸਾਰੀ ਜਾਣਕਾਰੀ ਸਿਵਲ ਸਰਜਨ ਡਾ. ਆਦੇਸ਼ ਕੰਗ ਨੇ ਦਿੱਤੀ।
ਸਿਹਤ ਵਿਭਾਗ ਵਲੋਂ ਕੋਰੋਨਾ ਪਾਜੀਟਿਵ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਸਾਰਿਆਂ ਦੇ ਸੈਂਪਲ ਟੈਸਟ ਲਈ ਭੇਜੇ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਘਰ ਵਿਚ ਹੀ ਕੁਆਰੰਟਾਈਨ ਕਰਨ ਦੀ ਹਦਾਇਤ ਦਿੱਤੀ ਗਈ ਹੈ। ਭਾਵੇਂ ਪੰਜਾਬ ਵਿਚ ਇਕ ਵਾਰ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਘਟੀ ਸੀ ਪਰ ਸੂਬਾ ਸਰਕਾਰ ਵਲੋਂ ਲੌਕਡਾਊਨ ਵਿਚ ਢਿੱਲ ਕਾਰਨ ਹੁਣ ਦੁਬਾਰਾ ਕੋਰੋਨਾ ਨੇ ਪੂਰੇ ਪੰਜਾਬ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਹੁਣ ਤਕ ਸੂਬੇ ਵਿਚ ਕੋਰੋਨਾ ਨਾਲ ਲਗਭਗ 44 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ ਹੁਣ ਤਕ ਕੋਰੋਨਾ ਪੀੜਤਾਂ ਦਾ ਅੰਕੜਾ 2300 ਤੋਂ ਪਾਰ ਹੋ ਗਿਆ ਹੈ ਜਿਨ੍ਹਾਂ ਵਿਚੋਂ 1993 ਠੀਕ ਹੋ ਚੁੱਕੇ ਹਨ ਤੇ 250 ਐਕਟਿਵ ਮਾਮਲੇ ਹਨ।
ਸੂਬੇ ਵਿਚ ਹੁਣ ਤਕ ਪ੍ਰਾਪਤ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਵਿਚ 392, ਜਲੰਧਰ ਵਿਚ 250, ਮੋਹਾਲੀ ‘ਚ 114, ਪਟਿਆਲਾ ‘ਚ 122, ਫਿਰੋਜ਼ਪੁਰ ‘ਚ 46, ਰੋਪੜ ‘ਚ 70, ਬਠਿੰਡਾ ਵਿਚ 47, ਫਤਿਹਗੜ੍ਹ ਸਾਹਿਬ ‘ਚ 58, ਫਾਜ਼ਿਲਕਾ ਵਿਚ 46, ਪਠਾਨਕੋਟ ‘ਚ 60, ਨਵਾਂਸ਼ਹਿਰ ‘ਚ 110, ਤਰਨਤਾਰਨ ‘ਚ 164, ਮਾਨਸਾ ‘ਚ 32, ਕਪੂਰਥਲਾ ‘ਚ 37, ਬਰਨਾਲਾ ‘ਚ 23 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ।