Another farmer involved in dharna : ਸੋਨੀਪਤ (ਹਰਿਆਣਾ) : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਗਈ ਹੈ। ਕੁੰਡਲੀ ਸਰਹੱਦ ‘ਤੇ ਧਰਨੇ ’ਤੇ ਬੈਠੇ ਕਿਸਾਨ ਦੀ ਸ਼ੱਕੀ ਹਾਲਤਾਂ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਾਨੀਪਤ ਦੇ ਪਿੰਡ ਸਵਾਹ ਦੇ ਹਰਿੰਦਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸ ਦਈਏ ਕਿ ਕੁੰਡਲੀ ਬਾਰਡਰ ’ਤੇ ਧਰਨੇ ਵਿੱਚ ਸ਼ਾਮਲ ਹੁਣ ਤੱਕ 17 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
5 ਫਰਵਰੀ ਨੂੰ ਇਕ ਨੌਜਵਾਨ ਕਿਸਾਨ, ਜੋ ਕਿ ਟਰਾਲੀ ਤੋਂ ਡਿੱਗ ਕੇ ਜ਼ਖਮੀ ਹੋ ਗਿਆ ਸੀ, ਉਸ ਕਿਸਾਨ ਦੀ ਸੋਮਵਾਰ ਨੂੰ ਮੌਤ ਹੋ ਗਈ ਸੀ। ਉਸ ਦਾ ਪੀਜੀਆਈ ਵਿਖੇ ਇਲਾਜ ਚੱਲ ਰਿਹਾ ਸੀ। ਅੰਦੋਲਨਕਾਰੀਆਂ ਲਈ ਲੱਕੜਾਂ ਲੈ ਕੇ ਜਾ ਰਹੇ ਨੌਜਵਾਨ ਕਿਸਾਨ ਨੂੰ ਉਸਦੀ ਪੈਰ ਫਿਸਲ ਕੇ ਜ਼ਖਮੀ ਹੋਣ ਤੋਂ ਬਾਅਦ ਇਥੇ ਲਿਆਂਦਾ ਗਿਆ ਸੀ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ ਹੈ।
ਦੀਪਕ, ਅਸਲ ਵਿਚ ਨਿੰਦਾਨਾ ਹਾਲ ਬੈਂਸੀ ਦਾ ਰਹਿਣ ਵਾਲਾ ਸੀ ਅਤੇ 5 ਫਰਵਰੀ ਨੂੰ ਲੱਕੜਾਂ ਨਾਲ ਭਰੀ ਟਰਾਲੀ ਟੀਕਰੀ ਬਾਰਡਰ ’ਤੇ ਲੈ ਕੇ ਗਿਆ ਸੀ। ਲੱਕੜਾਂ ਨਾਲ ਭਰੀ ਟਰਾਲੀ ਨੂੰ ਖਾਲੀ ਕਰਦਿਆਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਜ਼ਖਮੀ ਹੋ ਗਿਆ। ਉਸਦਾ ਸਿਰ ਲੱਕੜਾਂ ਨਾਲ ਟਕਰਾ ਗਿਆ ਸੀ। ਜ਼ਖਮੀ ਹਾਲਤ ਵਿੱਚ ਉਸਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ। ਸੋਮਵਾਰ ਸਵੇਰੇ ਇੱਥੇ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਪਿਛਲੇ ਢਾਈ ਮਹੀਨਿਆਂ ਤੋਂ ਦਿੱਲੀ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਡਟੇ ਹੋਏ ਹਨ ਪਰ ਸਰਕਾਰ ਦਾ ਅਜੇ ਵੀ ਅੜੀਅਲ ਰੁਖ਼ ਬਣਿਆ ਹੋਇਆ ਹੈ। ਸਰਕਾਰ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਾਂ ਤਿਆਰ ਹੈ ਪਰ ਰੱਦ ਕਰਨ ਲਈ ਨਹੀਂ।