Another shooter of Comrade Balwinder : ਚੰਡੀਗੜ੍ਹ : ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਕਤਲਕਾਂਡ ਵਿੱਚ ਸ਼ਾਮਲ ਦੂਸਰੇ ਸ਼ੂਟਰ ਇੰਦਰਜੀਤ ਸਿੰਘ ਨੂੰ ਨੂੰ ਕਾਬੂ ਕਰ ਲਿਆ ਹੈ। ਇਸ ਵਿਅਕਤੀ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਗ੍ਰਿਫਤਾਰ ਗਿਆ ਸੀ। ਇੰਦਰਜੀਤ ਨੇ ਗੁਰਜੀਤ ਸਿੰਘ ਉਰਫ ਭਾਅ ਨਾਲ ਮਿਲਕੇ ਕਾਮਰੇਡ ਬਲਵਿੰਦਰ ਸਿੰਘ ਨੂੰ ਉਸ ਦੇ ਘਰ ਭਿੱਖੀਵਿੰਡ, ਤਰਨਤਾਰਨ ਦੇ ਰਿਹਾਇਸ਼ੀ ਕਮ ਸਕੂਲ ਵਿਖੇ ਗੋਲੀ ਮਾਰ ਦਿੱਤੀ ਸੀ।
ਡੀਜੀਪੀ ਪੰਜਾਬ ਦਿਨਕਰ ਗੁਪਤਾ ਦੇ ਅਨੁਸਾਰ ਗੁਰਜੀਤ ਸਿੰਘ ਨੂੰ ਬੀਤੀ 7 ਦਸੰਬਰ ਨੂੰ ਦਿੱਲੀ ਪੁਲਿਸ ਨੇ ਉਸਦੇ ਸਾਥੀ ਸੁਖਜੀਤ ਸਿੰਘ ਉਰਫ ਬੁੜਾ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜਦੋਂ ਗੁਰਜੀਤ ਅਤੇ ਇੰਦਰਜੀਤ ਸਿੰਘ ਨੇ ਗੋਲੀਬਾਰੀ ਕੀਤੀ ਸੀ, ਤਾਂ ਸੁਖਜੀਤ ਨੇ ਆਪਣੇ ਆਪ ਨੂੰ ਮੌਕੇ ਤੋਂ ਥੋੜੀ ਦੂਰ ਰੱਖਿਆ ਹੋਇਆ ਸੀ। ਮੁੱਢਲੀ ਪੁੱਛਗਿੱਛ ਦੌਰਾਨ ਇੰਦਰਜੀਤ ਨੇ ਖੁਲਾਸਾ ਕੀਤਾ ਹੈ ਕਿ ਖਾਲਿਸਤਾਨੀ ਕਾਰਕੁਨਾਂ ਨੇ ਉਸ ਦੀਆਂ ਕੱਟੜਪੰਥੀ ਪੋਸਟਾਂ ਕਾਰਨ ਉਸਦਾ ਫੇਸਬੁੱਕ ਉੱਤੇ ਮਾਰਚ 2020 ਵਿੱਚ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਦੇ ਕਹਿਣ ‘ਤੇ ਉਹ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਰਾਜ਼ੀ ਹੋਇਆ ਸੀ।
ਉਸ ਦੇ ਦੋ ਵਿਦੇਸ਼ੀ ਹੈਂਡਲਰਾਂ ਵਿਚੋਂ ਇਕ, ਜਿਸ ਦੀ ਪਛਾਣ ਕੈਨੇਡਾ ਦੇ ਸੰਨੀ ਵਜੋਂ ਹੋਈ ਹੈ, ਨੇ ਪਹਿਲਾਂ ਉਸ ਨੂੰ ਕਾਮਰੇਡ ਬਲਵਿੰਦਰ ਸਿੰਘ ਦੀ ਰਿਹਾਇਸ਼ ਬਾਰੇ ਜਾਣਕਾਰੀ ਲੈਣ ਦਾ ਕੰਮ ਸੌਂਪਿਆ ਸੀ ਅਤੇ ਬਾਅਦ ਵਿਚ ਆਪਣੀ ਯੋਜਨਾ ਨੂੰ ਲਾਗੂ ਕਰਨ ਲਈ ਉਸ ਨੂੰ ਬਦਨਾਮ ਫਰਾਰ ਗੈਂਗਸਟਰ ਸੁਖ ਭਿਖਾਰੀਵਾਲ ਨਾਲ ਸੰਪਰਕ ਕਰਨ ਵਿਚ ਮਦਦ ਕੀਤੀ ਸੀ। ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੰਨੀ ਨੇ ਇੰਦਰਜੀਤ ਅਤੇ ਉਸਦੇ ਸਾਥੀਆਂ ਨੂੰ ਵਿੱਤੀ ਅਤੇ ਲੌਜਿਸਟਿਕ ਸਹਾਇਤਾ ਦਿੱਤੀ ਸੀ। ਦੋਸ਼ੀ ਨੇ ਇਹ ਵੀ ਕਬੂਲ ਕੀਤਾ ਕਿ ਉਸਨੂੰ ਸੰਨੀ ਨੇ 25 ਜਨਵਰੀ ਨੂੰ ਮੁੰਬਈ ਬੁਲਾਇਆ ਸੀ, ਜਿਸਨੇ ਆਪਣੀ ਈ-ਵਿਸ਼ਾ ਅਤੇ ਦੁਬਈ ਲਈ ਉਡਾਣ ਦੀ ਟਿਕਟ ਦਾ ਪ੍ਰਬੰਧ ਕੀਤਾ ਸੀ।