Approval was given to fill 4245 posts : ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਬੈਠਕ ਵਿਚ ਬੀਤੇ ਦਿਨ ਸਿਹਤ ਵਿਭਾਗ ਵਿਚ ਖਾਲੀ ਪਏ 3954 ਰੈਗੂਲਰ ਅਹੁਦੇ ਅਤੇ ਮੈਡੀਕਲ ਸਿੱਖਿਾ ਤੇ ਖੋਜ ਵਿਭਾਗ ਵਿਚ 291 ਅਹੁਦੇ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਿਸ ਵਿਚ ਫੈਸਲਾ ਲਿਆ ਗਿਆ ਹੈ ਕਿ ਸਿਹਤ ਵਿਭਾਗ ਵਿਚ 3954 ਅਹੁਦਿਆਂ ਵਿਚੋਂ 2966 ਅਹੁਦੇ ਪਹਿਲੇ ਪੜਾਅ ਵਿਚ ਭਰੇ ਜਾਣਗੇ, ਜਦਕਿ ਬਾਕੀ 988 ਅਹੁਦੇ ਅਗਲੇ ਪੜਾਅ ਵਿਚ ਭਰੇ ਜਾਣਗੇ, ਜੋਕਿ 30 ਸਤੰਬਰ 2020 ਨੂੰ ਖਾਲੀ ਹੋਣਗੇ।
ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਨੇ ਡਾ. ਕੇ. ਕੇ. ਤਲਵਾਰ ਦੀ ਅਗਵਾਈ ਵਿਚ ਵਿਸ਼ੇਸ਼ ਚੋਣ ਕਮੇਟੀ ਵੱਲੋਂ ਇੰਟਰਵਿਊ ਰਾਹੀਂ ਸਪੈਸ਼ਲਿਸਟ ਮੈਡੀਕਲ ਅਫਸਰਾਂ ਦੀ ਭਰਤੀ ਨੂੰ ਵੀ ਜਾਰੀ ਰਖਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਸਟਾਫ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਦੇ ਅਧੀਨ ਆਉਂਦੀਆਂ ਸੇਵਾਵਾਂ ਚੋਣ ਬੋਰਡ ਦੇ ਘੇਰੇ ਤੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਤ ਸਾਇੰਸਿਜ਼ ਫਰੀਦਕੋਟ ਦੇ ਵੱਲੋਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ 235 ਮੈਡੀਕਲ ਅਫਸਰ (ਜਨਰਲ), ਇਕ ਮੈਡੀਕਲ ਅਫਸਰ ਸਪੈਸ਼ਲਿਸਟ (ਮਾਈਕ੍ਰੋਬਾਇਓਲਾਜਿਸਟ), ਚਾਰ ਮੈਡੀਕਲ ਅਫਸਰ ਸਪੈਸ਼ਲਿਸਟ (ਸੋਸ਼ਲ ਪ੍ਰੀਵੈਂਟਿਵ ਮੈਡੀਸਿਨ), 35 ਮੈਡੀਕਲ ਅਫਸਰ (ਡੈਂਟਲ), 598 ਸਟਾਫ ਨਰਸਾਂ, 180 ਫਾਰਮਾਸਿਸਟ (ਫਾਰਮੇਸੀ ਅਫਸਰ), 600 ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਅਤੇ 200 ਮਲਟੀਪਰਪਜ਼ ਹੈਲਥ ਵਰਕਰ (ਮਰਦ), 139 ਰੇਡੀਓਗ੍ਰਾਫਰ, 44 ਡਾਇਲਸਿਸ ਟੈਕਨੀਸ਼ੀਅਨ, 116 ਆਪ੍ਰੇਸ਼ਨ ਥਿਏਟਰ ਅਸਿਸਟੈਂਟ, 14 ਈਸੀਜੀ ਟੈਕਨੀਸ਼ੀਅਨ, 800 ਵਾਰਡ ਅਟੈਂਡੈਂਟ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 30 ਸਤੰਬਰ, 2020 ਨੂੰ ਖਾਲੀ ਹੋਣ ਵਾਲੇ ਕੁਲ 988 ਅਹੁਦਿਆਂ ਦੇ ਲਈ 265 ਮੈਡੀਕਲ ਅਫਸਰ (ਜਨਰਲ), 323 ਮੈਡੀਕਲ ਅਫਸਰ ਸਪੈਸ਼ਲਿਸਟ, 302 ਫਾਰਮਾਸਿਸਟ (ਫਾਰਮੇਸੀ ਅਫਸਰ) ਅਤੇ 98 ਐਮਐਲਟੀ (ਗ੍ਰੇਡ-2) ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ।