Armed Forces Thank Corona Warriors: ਕੋਰੋਨਾ ਦੇ ਕਰਮਵੀਰਾਂ ਨੂੰ ਅੱਜ ਸਰਹੱਦ ਦੇ ਯੋਧੇ ਸਲਾਮੀ ਪੇਸ਼ ਕਰਨਗੇ । ਅੱਜ ਫੌਜ ਦੇ ਤਿੰਨ ਵਿੰਗਾਂ ਦੇ ਜਵਾਨ ਕੋਰੋਨਾ ਨੂੰ ਹਰਾਉਣ ਵਿੱਚ ਸ਼ਾਮਿਲ ਹਜ਼ਾਰਾਂ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ, ਸਫਾਈ ਕਰਮਚਾਰੀ ਅਤੇ ਹੋਰ ਫਰੰਟ ਲਾਈਨ ਯੋਧਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ‘ਤੇ ਫੁੱਲ ਸੁੱਟਣਗੇ । ਇਹ ਅਨਮੋਲ ਨਜ਼ਾਰਾ ਪੂਰੇ ਭਾਰਤ ਵਿੱਚ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਵੇਖਿਆ ਜਾਵੇਗਾ । ਫੌਜ ਵੱਲੋਂ ਇਸ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ । ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਫੌਜ ਦੇ ਤਿੰਨੇ ਵਿੰਗ ਕੋਰੋਨਾ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਨਗੇ । ਇਸ ਸਮਾਗਮ ਦੀ ਸ਼ੁਰੂਆਤ ਦਿੱਲੀ ਦੇ ਪੁਲਿਸ ਮੈਮੋਰੀਅਲ ਵਿਖੇ ਸ਼ਰਧਾਂਜਲੀਆਂ ਨਾਲ ਹੋਵੇਗੀ । ਇਸ ਤੋਂ ਬਾਅਦ ਏਅਰਫੋਰਸ ਪੂਰੇ ਦੇਸ਼ ਵਿੱਚ ਫ਼ਲਾਈਂਗ ਪਾਸਟ ਕਰੇਗੀ ।
ਅਸਮਾਨ ‘ਚ ਹਵਾਈ ਫੌਜ ਦਾ ਫਲਾਈ ਪਾਸਟ
ਪਹਿਲਾ ਫਲਾਈ ਪਾਸਟ ਸ੍ਰੀਨਗਰ ਤੋਂ ਤ੍ਰਿਵੇਂਦਰਮ ਤੱਕ ਹੋਵੇਗਾ, ਜਦਕਿ ਦੂਜਾ ਫਲਾਈ ਪਾਸਟ ਡਿਬਰੂਗੜ ਤੋਂ ਕੱਛ ਤੱਕ ਕੀਤਾ ਜਾਵੇਗਾ । ਇਸ ਫਲਾਈ ਪਾਸਟ ਵਿੱਚ ਭਾਰਤੀ ਹਵਾਈ ਫੌਜ ਦੇ ਟਰਾਂਸਪੋਰਟ ਜਹਾਜ਼ ਅਤੇ ਲੜਾਕੂ ਜਹਾਜ਼ ਸ਼ਾਮਿਲ ਹੋਣਗੇ । ਨੇਵੀ ਦੇ ਹੈਲੀਕਾਪਟਰ ਕੋਰੋਨਾ ਹਸਪਤਾਲਾਂ ‘ਤੇ ਫੁੱਲਾਂ ਦੀ ਵਰਖਾ ਕਰਨਗੇ । ਭਾਰਤੀ ਫੌਜ ਦੇਸ਼ ਭਰ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਕੋਵਿਡ ਹਸਪਤਾਲਾਂ ਵਿੱਚ ਮਾਊਂਟੇਨ ਬੈਂਡ ਪ੍ਰਦਰਸ਼ਨ ਕਰੇਗੀ । ਨੌਂ ਸੈਨਾ ਦੇ ਲੜਾਕੂ ਜਹਾਜ਼ ਦੁਪਹਿਰ 3 ਵਜੇ ਤੋਂ ਬਾਅਦ ਰੌਸ਼ਨ ਨਜ਼ਰ ਆਉਣਗੇ ।
ਦੱਸ ਦੇਈਏ ਕਿ ਉਹ ਸ਼ਹਿਰ ਜਿੱਥੇ ਲੜਾਕੂ ਜਹਾਜ਼ ਫਲਾਈ ਪਾਸਟ ਕਰਨਗੇ ਉਹ ਹਨ ਦਿੱਲੀ, ਮੁੰਬਈ, ਜੈਪੁਰ, ਅਹਿਮਦਾਬਾਦ, ਗੁਹਾਟੀ, ਪਟਨਾ ਅਤੇ ਲਖਨਊ । ਉਹ ਸ਼ਹਿਰੀ ਜਿੱਥੇ ਟ੍ਰਾਂਸਪੋਰਟ ਏਅਰਕਰਾਫਟ ਫਲਾਈ ਪਾਸਟ ਕਰਨਗੇ ਉਹ ਸ਼ਹਿਰ ਹਨ ਸ੍ਰੀਨਗਰ, ਚੰਡੀਗੜ੍ਹ, ਦਿੱਲੀ, ਜੈਪੁਰ, ਭੋਪਾਲ, ਮੁੰਬਈ, ਹੈਦਰਾਬਾਦ, ਬੰਗਲੌਰ, ਕੋਇੰਬਟੂਰ ਅਤੇ ਤਿਰੂਵਨੰਤਪੁਰਮ । ਇੰਡੀਅਨ ਏਅਰ ਫੋਰਸ ਅਤੇ ਨੇਵੀ ਹੈਲੀਕਾਪਟਰ ਹਸਪਤਾਲਾਂ ਦੇ ਉਪਰੋਂ ਉਡਾਣ ਭਰਨਗੇ ਅਤੇ ਫੁੱਲਾਂ ਦੀ ਵਰਖਾ ਕਰਨਗੇ । ਦਿੱਲੀ ਵਿੱਚ ਏਮਜ਼, ਦੀਨ ਦਿਆਲ ਉਪਾਧਿਆਏ, ਜੀਟੀਬੀ, ਐਲਐਨਜੇਪੀ, ਆਰਐਮਐਲ, ਸਫਦਰਜੰਗ, ਗੰਗਾ ਰਾਮ, ਬਾਬਾ ਸਾਹਿਬ ਅੰਬੇਦਕਰ ਹਸਪਤਾਲ, ਮੈਕਸ, ਅਪੋਲੋ, ਆਰਮੀ ਹਸਪਤਾਲ ਵਿੱਚ ਅੱਜ ਫੁੱਲਾਂ ਦੀ ਵਰਖਾ ਹੋਵੇਗੀ ।
ਦਿੱਲੀ ਦੇ ਰਾਜਪਥ ‘ਤੇ ਹੋਵੇਗਾ 26 ਜਨਵਰੀ ਵਰਗਾ ਨਜ਼ਾਰਾ
ਜਦੋਂ ਤੁਹਾਡੀ ਨਜ਼ਰ ਦਿੱਲੀ ਦੇ ਰਾਜਪਥ ‘ਤੇ ਅਸਮਾਨ ਵੱਲ ਜਾਵੇਗੀ, ਤੁਸੀਂ ਇਕ ਵਾਰ ਫਿਰ 26 ਜਨਵਰੀ ਵਰਗਾ ਦ੍ਰਿਸ਼ ਦੇਖੋਗੇ. ਇੱਥੇ ਸੁਖੋਈ -30, ਮਿਗ -29 ਅਤੇ ਜਾਗੁਆਰ ਉਡਾਣ ਭਰਨਗੇ । ਜਿੱਥੇ ਇਹ ਜਹਾਜ਼ 30 ਮਿੰਟਾਂ ਲਈ ਪੂਰੇ ਸ਼ਹਿਰ ਦਾ ਚੱਕਰ ਲਗਾਉਣਗੇ । ਹਵਾਈ ਫੌਜ ਅਨੁਸਾਰ ਦਿੱਲੀ ਅਤੇ NCR ਦੇ ਅਸਮਾਨ ਵਿੱਚ ਸੀ-130 ਟ੍ਰਾਂਸਪੋਰਟ ਏਅਰਕ੍ਰਾਫਟ ਸਿਰਫ 500 ਤੋਂ 1000 ਮੀਟਰ ਦੀ ਉਚਾਈ ‘ਤੇ ਸ਼ਹਿਰ ਦਾ ਚੱਕਰ ਲਵੇਗਾ ਅਤੇ ਕੋਰੋਨਾ ਨੂੰ ਹਰਾਉਣ ਵਿੱਚ ਸ਼ਾਮਿਲ ਹਜ਼ਾਰਾਂ ਡਾਕਟਰਾਂ, ਨਰਸਾਂ, ਸਿਹਤ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦਾ ਧੰਨਵਾਦ ਕਰੇਗਾ ।