ਤਰਨਤਾਰਨ ਵਿਚ ਕਾਰ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਤੇਲ ਪੁਆਉਣ ਦੇ ਬਹਾਨੇ ਪੈਟਰੋਲ ਪੰਪ ‘ਤੇ ਲੁੱਟਮਾਰ ਕੀਤੀ। ਲੁੱਟ ਦਾ ਵਿਰੋਧ ਕਰਨ ‘ਤੇ ਮਾਲਕ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਪੰਪ ਮਾਲਕ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਸੀਸੀਟੀਵੀ ਫੁਟੇਜ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਪੰਪ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਪਿੰਡ ਕਦਗਿਲ ਦੇ ਪੰਪ ‘ਤੇ 5 ਨੌਜਵਾਨ ਚਿੱਟੇ ਰੰਗ ਦੀ ਕਾਰ ਵਿਚ ਆਏ। ਉਨ੍ਹਾਂ ਨੇ ਕਾਰ ਵਿਚ ਤੇਲ ਪਾਉਣ ਨੂੰ ਕਿਹਾ। ਜਦੋਂ ਪੰਪ ਦਾ ਸੇਲਜ਼ਮੈਨ ਤੇਲ ਪਾਉਣ ਲੱਗਾ ਤਾਂ ਨੌਜਵਾਨਾਂ ਨੇ ਪਿਸਤੌਲ ਕੱਢ ਲਈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਬੰਦੂਕ ਦੀ ਨੋਕ ‘ਤੇ ਲੈ ਲਿਆ।
ਲੁਟੇਰੇ ਪੰਪ ਦੇ ਆਫਿਸ ਵਿਚ ਚਲੇ ਗਏ। ਉਥੇ ਬੈਠੇ ਪੈਟਰੋਲ ਪੰਪ ਦੇ ਮਾਲਕ ਸ਼ਾਮ ਅਗਰਵਾਲ ਤੋਂ ਕੈਸ਼ ਕੱਢਣ ਲਈ ਅਲਮਾਰੀ ਦੀ ਚਾਬੀ ਮੰਗਣ ਲੱਗੇ। ਪੰਪ ਮਾਲਕ ਨੇ ਲੁਟੇਰਿਆਂ ਨੂੰ ਚਾਬੀ ਦੇਣ ਤੋਂਇਨਕਾਰ ਕਰ ਦਿੱਤਾ। ਇਸ ਨੂੰ ਲੈ ਕੇ ਲੁਟੇਰਿਆਂ ਤੇ ਪੰਪ ਮਾਲਕ ਵਿਚ ਬਹਿਸ ਹੋ ਗਈ। ਲੁਟੇਰਿਆਂ ਨੇ ਪੰਪ ਮਾਲਕ ‘ਤੇ ਗੋਲੀ ਚਲਾ ਦਿੱਤੀ ਜਿਸ ਨਾਲ ਇਕ ਗੋਲੀ ਉਨ੍ਹਾਂ ਦੇ ਪੱਟ ‘ਤੇ ਲੱਗੀ। ਇਸ ਦੇ ਬਾਅਦ ਉਹ ਨਕਦੀ ਲੁੱਟ ਕੇ ਉਥੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਨਵਾਂਸ਼ਹਿਰ ‘ਚ ਕਾਰ ਨੇ ਸਕੂਟੀ ਸਵਾਰ ਮਾਂ-ਧੀ ਨੂੰ ਮਾਰੀ ਟੱਕਰ, ਔਰਤ ਦੀ ਮੌ.ਤ, ਧੀ ਗੰਭੀਰ ਜ਼ਖਮੀ
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੁਟੇਰਿਆਂ ਦੀ ਪਛਾਣ ਲਈ ਪੰਪ ਤੇ ਆਸ-ਪਾਸ ਦੀ ਸੀਸੀਟੀਵੀ ਖੰਗਾਲੀ ਜਾ ਰਹੀ ਹੈ। ਲੁਟੇਰੇ ਕਿੰਨੀ ਨਕਦੀ ਲੈ ਗਏ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।