Army Chief hold meeting: ਨਵੀਂ ਦਿੱਲੀ: ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਫ਼ੌਜ ਮੁਖੀ ਮਨੋਜ ਮੁਕੰਦ ਨਰਵਣੇ ਆਪਣੇ ਚੋਟੀ ਦੇ ਕਮਾਂਡਰਾਂ ਨਾਲ ਅੱਜ ਯਾਨੀ ਕਿ ਬੁੱਧਵਾਰ ਨੂੰ ਮੀਟਿੰਗ ਕਰਨਗੇ । ਉੱਥੇ ਹੀ ਪੂਰਬੀ ਲੱਦਾਖ ਦੀ ਸਰਹੱਦ ’ਤੇ ਚੀਨ ਨਾਲ ਜਾਰੀ ਤਣਾਅ ਦੌਰਾਨ ਭਾਰਤ ਆਪਣੇ ਸਖ਼ਤ ਸਟੈਂਡ ‘ਤੇ ਕਾਇਮ ਹੈ। ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੀਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਜਾਰੀ ਨਿਰਮਾਣ ਕਾਰਜ ਨਹੀਂ ਰੋਕੇਗਾ । ਇਸ ਤੋਂ ਇਲਾਵਾ ਸਰਹੱਦ ‘ਤੇ ਚੀਨ ਦੇ ਬਰਾਬਰ ਗਿਣਤੀ ਵਿੱਚ ਫ਼ੌਜੀ ਵੀ ਤਾਇਨਾਤ ਕੀਤੇ ਜਾਣਗੇ ।
ਫ਼ੌਜੀ ਸੂਤਰਾਂ ਨੇ ਕਿਹਾ ਕਿ ਦੋ-ਦਿਨਾਂ ਮੀਟਿੰਗ ਵਿੱਚ ਸੀਨੀਅਰ ਫ਼ੌਜੀ ਅਧਿਕਾਰੀ ਹੋਰ ਵਿਸ਼ਿਆਂ ਤੋਂ ਇਲਾਵਾ ਸੁਰੱਖਿਆ ਦੇ ਮਸਲੇ ‘ਤੇ ਵੀ ਚਰਚਾ ਕਰਨਗੇ । ਲੱਦਾਖ ਖੇਤਰ ਵਿੱਚ ਅਸਲ ਕੰਟਰੋਲ ਰੇਖਾ ‘ਤੇ ਵੱਖੋ-ਵੱਖਰੇ ਸਥਾਨਾਂ ‘ਤੇ ਚੀਨ ਵੱਲੋਂ 5,000 ਤੋਂ ਵੱਧ ਫ਼ੌਜੀਆਂ ਦੀ ਤਾਇਨਾਤੀ ਦੀ ਬਰਾਬਰੀ ਕਰਨ ਲਈ ਫ਼ੌਜੀ ਨਫ਼ਰੀ ਵਧਾਉਣ ਨੂੰ ਲੈ ਕੇ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ । ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਤੇ ਤਿੰਨੇ ਫ਼ੌਜਾਂ ਦੇ ਮੁਖੀਆਂ ਨਾਲ ਮੀਟਿੰਗ ਵਿੱਚ ਸਪੱਸ਼ਟ ਕੀਤਾ ਕਿ ਚੀਨ ਦੇ ਹਮਲਾਵਰ ਰਵੱਈਏ ਕਾਰਨ ਕਿਸੇ ਨਿਰਮਾਣ ਪ੍ਰੋਜੈਕਟ ਨੂੰ ਰੋਕਣ ਦੀ ਜ਼ਰੂਰਤ ਨਹੀਂ ਹੈ । ਇੱਕ ਘੰਟੇ ਤੋਂ ਵੱਧ ਚੱਲੀ ਇਸ ਮੀਟਿੰਗ ਵਿੱਚ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਆਪਣੇ ਤਾਜ਼ਾ ਲੇਹ ਦੌਰੇ ਦੀ ਜਾਣਕਾਰੀ ਦਿੱਤੀ ।
ਦੱਸ ਦੇਈਏ ਕਿ ਇਸ ਮੀਟਿੰਗ ਵਿੱਚ ਸਪੱਸ਼ਟ ਕੀਤਾ ਗਿਆ ਕਿ ਭਾਰਤ ਗੱਲਬਾਤ ਜਾਰੀ ਰੱਖੇਗਾ, ਪਰ ਫ਼ੌਜੀਆਂ ਦੀ ਗਿਣਤੀ ਵੀ ਵਧਾਈ ਜਾਵੇਗੀ । ਚੀਨ ਨਾਲ ਲੱਦਾਖ ਵਿੱਚ ਲਗਭਗ 20 ਦਿਨਾਂ ਤੋਂ ਜਾਰੀ ਵਿਵਾਦ ਦੌਰਾਨ ਭਾਰਤ ਨੇ ਉਸ ਨਾਲ ਲੱਗਦੀ ਸਰਹੱਦ ‘ਤੇ ਉੱਤਰੀ ਸਿੱਕਿਮ, ਉਤਰਾਖੰਡ ਤੇ ਅਰੁਣਾਚਲ ਪ੍ਰਦੇਸ਼ ਵਿੱਚ ਫ਼ੌਜੀਆਂ ਦੀ ਤਾਇਨਾਤੀ ਵਧਾਈ ਹੈ । ਮਿਲੀ ਜਾਣਕਾਰੀ ਅਨੁਸਾਰ ਗਲਵਾਂ ਘਾਟੀ ਅਤੇ ਪੇਨਗੋਂਗ ਤਸੋ ਦੇ ਆਲੇ-ਦੁਆਲੇ ਅਸਥਾਈ ਨਿਰਮਾਣ ਨਾਲ ਆਪਣੀ ਫੌਜ ਦੀ ਗਿਣਤੀ ਵਧਾ ਕੇ ਪੰਜ ਹਜ਼ਾਰ ਕਰ ਦਿੱਤੀ ਹੈ. ਇਸ ਖੇਤਰ ਵਿੱਚ ਚੀਨ ਨੇ 100 ਤੋਂ ਵਧੇਰੇ ਟੈਂਟ ਲਗਾਏ ਹਨ ਅਤੇ ਬੰਕਰ ਬਣਾਉਣ ਲਈ ਭਾਰੀ ਮਸ਼ੀਨਰੀ ਸਥਾਪਿਤ ਕੀਤੀ ਹੈ. ਇਸ ਦੇ ਕਾਰਨ ਭਾਰਤ ਲਗਾਤਾਰ ਫੌਜ ਦੀ ਤਾਇਨਾਤੀ ਅਤੇ ਗਸ਼ਤ ਵਧਾ ਰਿਹਾ ਹੈ।