Arrest warrant issued against : ਰਿਸ਼ਵਤ ਮਾਮਲੇ ਵਿਚ ਦੋਸ਼ੀ ਠਹਿਰਾਈ ਗਈ ਮਨੀਮਾਜਰਾ ਦੀ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਖਿਲਾਫ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਗੈਰਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸੀਬੀਆਈ ਦੇ ਇੰਸਪੈਕਟਰ ਐੱਸਐੱਸ ਰਾਠੌੜ ਅਤੇ ਸੀਬੀਆਈ ਦੇ ਵਕੀਲ ਕੇ.ਪੀ. ਸਿੰਘ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰਦਿਆਂ ਥਾਣਾ ਮਨੀਮਾਜਰਾ ਦੀ ਸਾਬਕਾ ਥਾਣਾ ਮੁਖੀ ਜਸਵਿੰਦਰ ਕੌਰ ਦੇ ਗੈਰਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਜਸਵਿੰਦਰ ਕੌਰ ਨੂੰ ਫੋਨ ’ਤੇ ਸੰਪਰਕ ਕਰਕੇ ਸੀਬੀਆਈ ਦੇ ਦਫ਼ਤਰ ਵਿੱਚ ਜਾਂਚ ਲਈ ਪੇਸ਼ ਹੋਣ ਲਈ ਕਿਹਾ ਸੀ ਪਰ 30 ਜੂਨ ਤੋਂ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਇਸ ’ਤੇ ਅਦਾਲਤ ਨੇ ਸੀਬੀਆਈ ਦੀ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਸਾਬਕਾ ਥਾਣਾ ਮੁਖੀ ਦੇ ਗੈਰਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਇਸ ਦੇ ਨਾਲ ਹੀ ਅਦਾਲਤ ਨੇ ਇੰਸਪੈਕਟਰ ਜਸਵਿੰਦਰ ਕੌਰ ਨੂੰ ਗ੍ਰਿਫ਼਼ਤਾਰ ਕਰਨ ਦੀਆਂ ਕੋਸ਼ਿਆਂ ਵਿਚ ਤੇਜ਼ੀ ਲਿਆਉਣ ਤੇ ਊਸ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਹਿਦਾਇਤ ਦਿੱਤੀ।
ਦੱਸਣਯੋਗ ਹੈ ਕਿ ਬੀਤੀ 26 ਜੂਨ ਨੂੰ ਮਨੀਮਾਜਰਾ ਦੇ ਹੀ ਰਹਿਣ ਵਾਲੇ ਗੁਰਦੀਪ ਸਿੰਘ ਵੱਲੋਂ ਸੀਬੀਆਈ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ 10 ਜੂਨ ਨੂੰ ਥਾਣਾ ਮਨੀਮਾਜਰਾ ਦੀ ਮੁਖੀ ਜਸਵਿੰਦਰ ਕੌਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਰਣਧੀਰ ਸਿੰਘ ਨਾਮ ਦੇ ਵਿਅਕਤੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਵਾਉਣ ਲਈ 27 ਲੱਖ ਰੁਪਏ ਲੈਣ ਸਬੰਧੀ ਸ਼ਿਕਾਇਤ ਆਈ ਹੈ। ਉਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੰਸਪੈਕਟਰ ਜਸਵਿੰਦਰ ਕੌਰ ਨੇ ਉਸ ’ਤੇ ਕੇਸ ਦਰਜ ਨਾ ਕਰਨ ਬਦਲੇ ਪੰਜ ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਸੀ। ਪੰਜ ਲੱਖ ਵਿੱਚੋਂ ਪਹਿਲੀ ਕਿਸ਼ਤ ਗੁਰਦੀਪ ਸਿੰਘ ਨੇ ਵਿਚੋਲੇ ਭਗਵਾਨ ਸਿੰਘ ਨੂੰ ਸੰਗਰੂਰ ਵਿੱਚ ਦੇ ਦਿੱਤੀ ਸੀ ਪਰ ਇਸ ਤੋਂ ਬਾਅਦ ਜਦੋਂ ਉਹ ਦੂਜੀ ਕਿਸ਼ਤ 29 ਜੂਨ ਦੀ ਰਾਤ ਨੂੰ ਦੇਣ ਲਈ ਪਹੁੰਚਿਆ ਤਾਂ ਸੀਬੀਅਈ ਨੇ ਟਰੈਪ ਲਗਾ ਕੇ ਭਗਵਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਅਗਲੇ ਦਿਨ ਹੀ ਇੰਸਪੈਕਟਰ ਜਸਵਿੰਦਰ ਕੌਰ ਫ਼ਰਾਰ ਹੋ ਗਈ ਸੀ।