Arrests in Haryana and border seals : ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਕਿਸਾਨ ਅੰਦੋਲਨ ਦੇ ਚੱਲਦਿਆਂ ਹਰਿਆਣਾ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ, ਉਥੇ ਹੀ ਹਰਿਆਣਾ ਵਿੱਚ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਾਰਪੋਰੇਟਾਂ ਦਾ ਦਲਾਲ ਅਤੇ ਕਿਸਾਨ-ਵਿਰੋਧੀ ਕਰਾਰ ਦਿੱਤਾ ਹੈ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਖੱਟੜ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ ਹੈ। ਲਗਭਗ 3 ਦਰਜ਼ਨ ਕਿਸਾਨ-ਆਗੂਆਂ ਨੂੰ ਜ਼ਬਰਦਸਤੀ ਗ੍ਰਿਫਤਾਰ ਕੀਤਾ ਗਿਆ। ਘਰਾਂ ‘ਚ ਛਾਪੇਮਾਰੀ ਕੀਤੀ ਗਈ, ਪਰਿਵਾਰਕ ਮੈਂਬਰਾਂ ਨੂੰ ਡਰਾਇਆ-ਧਮਕਾਇਆ ਗਿਆ ਅਤੇ ਹਰਿਆਣਾ ਦੇ ਬਾਰਡਰ-ਸੀਲ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇਣ ਲਈ ਰੋਕਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਪਰ ਇਨ੍ਹਾਂ ਸਭ ਦੇ ਬਾਵਜੂਦ ਪੰਜਾਬ ਦੇ ਕਿਸਾਨ ਸੂਝ-ਬੂਝ ਵਰਤਣਗੇ ਅਤੇ ਹਰ ਸੰਭਵ ਤਰੀਕੇ ਰਾਹੀਂ ਦਿੱਲੀ ਵੱਲ ਵਧਣਗੇ।
ਜ਼ਿਕਰਯੋਗ ਹੈ ਕਿ ਖੱਟੜ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਚਲੋ ਕਾਲ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਕੇਂਦਰ ਨੇ ਲਾਗੂ ਕੀਤੇ ਤਿੰਨ ਕਾਨੂੰਨ ਕਿਸਾਨ ਪੱਖੀ ਹਨ। ਉਨ੍ਹਾਂ ਕਿਹਾ ਕਿ ਅਸੀਂ ਮੰਡੀਆਂ ਦੀ ਗਿਣਤੀ ਵਿਚ ਹੋਰ ਵਾਧਾ ਕਰਾਂਗੇ ਅਤੇ ਐਮਐਸਪੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਹਰਿਆਣਾ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 25 ਅਤੇ 26 ਨਵੰਬਰ ਨੂੰ ਹਰਿਆਣਾ ਅਤੇ ਪੰਜਾਬ ਦੀਆਂ ਸਰਹੱਦਾਂ ਅਤੇ 26 ਅਤੇ 27 ਨਵੰਬਰ ਨੂੰ ਹਰਿਆਣਾ-ਦਿੱਲੀ ਸਰਹੱਦ ‘ਤੇ ਜਾਣ ਤੋਂ ਪਰਹੇਜ਼ ਕਰਨ। ਯਾਤਰੀਆਂ ਲਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ 25 ਤੋਂ 26 ਨਵੰਬਰ ਨੂੰ ਪੰਜਾਬ ਤੋਂ ਹਰਿਆਣਾ ਜਾਣ ਵਾਲੀਆਂ ਸੜਕਾਂ ਅਤੇ 26 ਅਤੇ 27 ਨਵੰਬਰ ਨੂੰ ਹਰਿਆਣਾ ਤੋਂ ਦਿੱਲੀ ਆਉਣ ਵਾਲੀਆਂ ਸੜਕਾਂ ‘ਤੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਥੇ ਹੀ ਕਿਸਾਨਾਂ ਵੱਲੋਂ ਹਰ ਪੰਜਾਬੀ ਨੂੰ 26-27 ਦੇ ਦਿੱਲੀ ਲਈ ਕਿਸਾਨ-ਅੰਦੋਲਨ ਦਾ ਹਿੱਸਾ ਬਨਣ ਲਈ ਪ੍ਰੇਰਿਆ ਜਾ ਰਿਹਾ ਹੈ। ਦਿੱਲੀ ਜਾਣ ਲਈ ਟਰੈਕਟਰ-ਟਰਾਲੀਆਂ ਨੂੰ ਤਿਆਰ ਕਰਦਿਆਂ, ਜਾਗੋ-ਮਾਰਚਾਂ, ਨੁੱਕੜ-ਨਾਟਕਾਂ ਅਤੇ ਢੋਲ-ਮਾਰਚਾਂ ਰਾਹੀਂ ਤਿਆਰੀਆਂ ਕੀਤੀਆਂ ਗਈਆਂ ਹਨ।