Assault on health worker : ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਅਧੀਨ ਮਲੌਦ ਦੇ ਇਕ ਕਮਿਊਨਿਟੀ ਹੈਲਥ ਸੈਂਟਰ ਦੇ ਕਰਮਚਾਰੀ ਮਸਤਾਨ ਸਿੰਘ, ਜੋਕਿ ਸ਼ੱਕੀ ਵਿਅਕਤੀਆਂ ਦੀ ਸਕ੍ਰੀਨਿੰਗ ਕਰਨ ਗਿਆ ਸੀ, ਦੀ ਡਿਊਟੀ ਦੌਰਾਨ ਸਾਧੂਆਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਖਤ ਨਿੰਦਾ ਕੀਤੀ। ਸਿਹਤ ਮੰਤਰੀ ਨੇ ਕਰਮਚਾਰੀ ਮਸਤਾਨ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਸ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਵਧਦੇ ਫੈਲਾਅ ਕਾਰਨ ਇਸ ਦੇ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦਾ ਪਤਾ ਲਗਾਉਣ ਲਈ ਸੂਬੇ ਦੇ ਸਿਹਤ ਵਿਭਾਗ ਵੱਲੋਂ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਉੱਚ ਅਧਿਕਾਰੀਆਂ ਦੇ ਹੁਕਮ ’ਤੇ ਕਮਿਊਨਿਟੀ ਹੈਲਥ ਸੈਂਟਰ ਮਲੌਦ ਵਿਖੇ ਤਾਇਨਾਤ ਹੈਲਥ ਵਰਕਰ ਮਸਤਾਨ ਸਿੰਘ ਸਕ੍ਰੀਨਿੰਗ ਲਈ ਪਿੰਡ ਖਾਨਪੁਰ ਵਿਖੇ ਪ੍ਰਭੂ ਕਾ ਡੇਰਾ ਨਾਮਕ ਥਾਂ ’ਤੇ ਗਿਆ ਸੀ। ਸ਼ੱਕੀ ਲੱਛਣਾਂ ਵਾਲੇ ਮਰੀਜ਼ਾਂ ਬਾਰੇ ਜਾਣਕਾਰੀ ਲੈਣ ਲਈ ਜਦੋਂ ਉਹ ਉਥੇ ਪਹੁੰਚਿਆ ਤਾਂ ਸਾਧੂਆਂ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਵੱਲੋਂ ਮਸਤਾਨ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਸਾਰੀ ਘਟਨਾ ਦੀ ਇਕ ਮੋਬਾਈਲ ਫੋਨ ’ਤੇ ਵੀਡੀਓ ਵੀ ਬਣਾਈ ਗਈ। ਇਸ ਸਬੰਧੀ ਐਸ.ਐਮ.ਓ ਡਾ. ਗੋਬਿੰਦ ਰਾਮ ਮਲੌਦ ਅਤੇ ਐਸ.ਐਮ.ਓ ਡਾ. ਸੰਤੋਸ਼ ਕੌਰ, ਡੇਹਲੋਂ ਨੇ ਤੁਰੰਤ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।
ਜਿਸ ’ਤੇ ਸਿਵਲ ਸਰਜਨ ਨੇ ਇਹ ਮਾਮਲਾ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ, ਲੁਧਿਆਣਾ ਰਾਕੇਸ਼ ਅਗਰਵਾਲ ਦੇ ਧਿਆਨ ਵਿੱਚ ਲਿਆਂਦਾ। ਦੋਸ਼ੀਆਂ ਖਿਲਾਫ਼ ਆਈਪੀਸੀ ਦੀ ਧਾਰਾ 307, 365, 353,186, 188, 295-ਏ ਅਤੇ ਐਪੀਡੈਮਿਕ ਐਕਟ 1987 ਦੀ ਧਾਰਾ 3 ਦੇ ਤਹਿਤ ਥਾਣਾ ਡੇਹਲੋਂ, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ ਨੂੰ ਦੇਖਦੇ ਹੋਏ ਸਿਹਤ ਮੰਤਰੀ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਸਜ਼ਾ ਦੇਣ ਦੀ ਹਿਦਾਇਤ ਦਿੱਤੀ ਹੈ।