Assurance given by Punjab govt : ਨਵੀਂ ਦਿੱਲੀ : ਪੰਜਾਬ ਸਰਕਾਰ ਵੱਲੋਂ ਰੇਲ ਪਟੜੀਆਂ ਤੋਂ ਸ਼ੁੱਕਰਵਾਰ ਤੋਂ ਨਾਕਾਬੰਦੀ ਹਟਾਉਣ ਬਾਰੇ ਭਰੋਸਾ ਦਿੱਤੇ ਜਾਣ ਤੋਂ ਬਾਅਦ ਭਾਰਤੀ ਰੇਲਵੇ ਨੇ ਗੱਡੀਆਂ ਦੀ ਆਵਾਜਾਈ ਦੀ ਬਹਾਲੀ ਲਈ ਮੁੜ ਤਿਆਰ ਹੈ। ਭਾਰਤੀ ਰੇਲਵੇ ਦੇ ਚੇਅਰਮੈਨ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ “ਸਾਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਕੱਲ੍ਹ ਤੱਕ ਪੰਜਾਬ ਵਿਚ ਟਰੈਕਾਂ ਤੇ ਨਾਕੇਬੰਦੀ ਹਟਾ ਦਿੱਤੀ ਜਾਵੇਗੀ। ਡੀਜੀ ਆਰਪੀਐਫ ਟਰੈਕਾਂ ਦੀ ਸੁਰੱਖਿਆ ਦੀ ਸਮੀਖਿਆ ਕਰ ਰਿਹਾ ਹੈ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਇਕ ਵਾਰ ਜਦੋਂ ਟਰੈਕ ਸਾਡੇ ਕੰਟਰੋਲ ਵਿਚ ਆ ਜਾਂਦਾ ਹੈ ਤਾਂ ਅਸੀਂ ਸਾਰੀਆਂ ਰੇਲ ਸੇਵਾਵਾਂ ਦੁਬਾਰਾ ਸ਼ੁਰੂ ਕਰਾਂਗੇ। ਉਨ੍ਹਾਂ ਦੱਸਿਆ ਕਿ ਅੱਜ ਵੀਰਵਾਰ ਨੂੰ ਹੀ 15 ਥਾਂਵਾਂ ਤੋਂ ਟਰੈਕ ਖ਼ਾਲੀ ਕਰਵਾਏ ਗਏ ਹਨ।
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀ.ਈ.ਉ. ਸ੍ਰੀ ਵੀ.ਕੇ. ਯਾਦਵ ਨੇ ਕਿਹਾ ਕਿ ਰੇਲਵੇਜ਼ ਨੂੰ ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਵੱਲੋਂ ਸ਼ੁੱਕਰਵਾਰ ਸਵੇਰ ਤਕ ਰੇਲਵੇ ਟਰੈਕ ਖ਼ਾਲੀ ਕਰਵਾ ਲੈਣ ਬਾਰੇ ਭਰੋਸਾ ਦਿੱਤਾ ਗਿਆ ਹੈ ਅਤੇ ਰੇਲਵੇਜ਼ ਮਾਲ ਗੱਡੀਆਂ ਅਤੇ ਸਵਾਰੀ ਗੱਡੀਆਂ ਚਲਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਸ੍ਰੀ ਅਰੁਨ ਕੁਮਾਰ ਵੀ ਪੰਜਾਬ ਦੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਦੇ ਸੰਪਰਕ ਵਿੱਚ ਹਨ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਗੱਡੀਆਂ ਅਤੇ ਰੇਲਵੇ ਮੁਲਾਜ਼ਮਾਂ ਦੀ ਸੁਰੱਖ਼ਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਰੇਲਵੇ ਮੰਤਰਾਲੇ ਨੇ ਰਾਜ ਸਰਕਾਰ ਦੇ ਸਾਹਮਣੇ ਦੋ ਸ਼ਰਤਾਂ ਦੱਸੀਆਂ ਹਨ- ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ ਨਾਕਾਬੰਦੀ ਹਟਾਏ ਜਾਣੇ ਚਾਹੀਦੇ ਹਨ।
ਦੱਸਣਯੋਗ ਹੈ ਕਿ ਸਤੰਬਰ ਵਿਚ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਕੇਂਦਰ ਦੁਆਰਾ ਬਣਾਏ ਗਏ ਫਾਰਮ ਕਾਨੂੰਨਾਂ ਦੇ ਵਿਰੋਧ ਕਾਰਨ ਰੇਲ ਸੇਵਾਵਾਂ ਨੂੰ ਇਕ ਮਹੀਨੇ ਤੋਂ ਵੱਧ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਰੇਲਵੇ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਰੇਲਵੇ ਟ੍ਰੈਕਾਂ ‘ਤੇ ਪੰਜਾਬ ਵਿਚ 32 ਥਾਵਾਂ’ ਤੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਵੱਖ-ਵੱਖ ਥਾਵਾਂ ਜਿਵੇਂ ਕਿ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਅਤੇ ਬਠਿੰਡਾ ਦੇ ਆਸ-ਪਾਸ ਰੁਕਾਵਟ ਨਾਕਾਬੰਦੀ ਜਾਰੀ ਹੈ।