Attack on police trying to nab : ਲੁਧਿਆਣਾ : ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਹੌਂਸਲੇ ਹੁਣ ਹੋਰ ਵੀ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ’ਤੇ ਕਾਰਵਾਈ ਕਰਨ ਗਈ ਪੁਲਿਸ ਟੀਮ ’ਤੇ ਹਮਲੇ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਲੁਧਿਆਣਾ ਦੇ ਸ਼ੇਰਪੁਰ ਵਿੱਚ ਸੋਮਵਾਰ ਸ਼ਾਮ ਨੂੰ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਫੜਣ ਗਈ ਪੁਲਿਸ ਟੀਮ ’ਤੇ ਕੁਝ ਲੋਕਂ ਨੇ ਹਮਲਾ ਕਰ ਦਿੱਤ। ਮੁਲਜ਼ਮਾਂ ਨੇ ਪੁਲਿਸ ਦੀ ਕਾਰ ਨੂੰ ਪੱਥਰ ਮਾਰ ਕੇ ਭੰਨ ਦਿੱਤਾ। ਮੁਲਾਜ਼ਮਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਮੋਤੀ ਨਗਰ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਇਸ ਦੌਰਾਨ ਹਮਲਾਵਰ ਉਥੋਂ ਭੱਜ ਗਏ।
ਪੱਥਰਾਅ ਵਿੱਚ ਜ਼ਖਮੀ ਹੋਏ ਮੁਲਾਜ਼ਮਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਛਾਪੇਮਾਰੀ ਕਰਨ ਵਾਲੀ ਟੀਮ ਦੇ ਮੈਂਬਰ ਗੋਲਡੀ ਨੇ ਦੱਸਿਆ ਕਿ ਸ਼ਰਾਬ ਵੇਚਣ ਵਾਲਿਆਂ ਨੇ ਹਥਿਆਰਾਂ ਨਾਲ ਹਮਲਾ ਕੀਤਾ, ਜਿਨ੍ਹਾਂ ਵਿਚੋਂ ਇਕ ਦੀ ਲੱਤ ਟੁੱਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ ਵਿੱਚ ਸ਼ਨੀਵਾਰ ਸ਼ਾਮ 5 ਵਜੇ ਦੇ ਕਰੀਬ ਪਿੰਡ ਢਿਪਾਲੀ ਵਿੱਚ ਸ਼ਰਾਬ ਤਸਕਰਾਂ ਨੂੰ ਫੜਨ ਗਈ ਸੀਆਈਏ ਸਟਾਫ ਦੀ ਇੱਕ ਟੀਮ ਉੱਤੇ ਪਿੰਡ ਦੇ ਸਰਪੰਚ ਸਣੇ 70 ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਨੇ ਪੁਲਿਸ ਦੀ ਕਾਰ ਨੂੰ ਤੋੜਿਆ ਅਤੇ ਬਰਾਮਦ ਕੀਤੀ ਗਈ ਸ਼ਰਾਬ, ਲਾਹਣ ਅਤੇ ਹੋਰ ਸਾਮਾਨ ਪੁਲਿਸ ਟੀਮ ਤੋਂ ਖੋਹ ਕੇ ਨਹਿਰ ਵਿੱਚ ਸੁੱਟ ਦਿੱਤਾ। ਇੰਨਾ ਹੀ ਨਹੀਂ ਇਕ ਸਿਪਾਹੀ ਨੂੰ ਕਾਰ ਤੋਂ ਬਾਹਰ ਕੱਢ ਕੇ ਉਸ ਨੂੰ ਵੀ ਕੁੱਟਿਆ। ਹਮਲਾਵਰਾਂ ਨੇ ਪੁਲਿਸ ਦੁਆਰਾ ਦਰਜ ਕੀਤੀ ਗਈ ਮਾਮਲੇ ਦੀ ਮਿਸਲ ਨੂੰ ਵੀ ਖੋਹ ਕੇ ਉਸ ਨੂੰ ਫਾੜ ਕੇ ਨਹਿਰ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਫੜਿਆ ਗਿਆ ਸ਼ਰਾਬ ਤਸਕਰ ਉਸਨੂੰ ਪੁਲਿਸ ਹਿਰਾਸਤ ਤੋਂ ਛੁਡਾ ਕੇ ਮੌਕੇ ਤੋਂ ਫਰਾਰ ਹੋ ਗਿਆ।