Awards continue to return : ਕਿਸਾਨ ਅੰਦੋਲਨ ਦੇ ਸਮਰਥਨ ਵਿਚ ਪੰਜਾਬ ਤੋਂ ਕੇਂਦਰ ਨੂੰ ਐਵਾਰਡਾਂ ਦੀ ਵਾਪਸੀ ਦਾ ਦੌਰ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਦਮ ਪੁਰਸਕਾਰ ਵਾਪਸ ਕੀਤੇ। ਸ਼ੁੱਕਰਵਾਰ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ, ਪੰਜਾਬ ਦੇ ਪ੍ਰਸਿੱਧ ਕਵੀ ਡਾ: ਮੋਹਨਜੀਤ, ਪ੍ਰਸਿੱਧ ਪ੍ਰਚਾਰਕ ਡਾ: ਜਸਵਿੰਦਰ ਸਿੰਘ ਅਤੇ ਪੰਜਾਬੀ ਨਾਟਕਕਾਰ ਅਤੇ ਇੱਕ ਅਖਬਾਰ ਦੇ ਸੰਪਾਦਕ ਸਵਰਾਜਬੀਰ ਨੇ ਕਿਸਾਨਾਂ ਦੇ ਸਮਰਥਨ ਵਿੱਚ ਆਪਣੇ ਐਵਾਰਡ ਵਾਪਸ ਕੀਤੇ ਹਨ। ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸੰਘ ਨੇ ਦਿੱਤੀ।
ਦੱਸਣਯੋਗ ਹੈ ਕਿ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਪੂਰੇ ਦੇਸ਼ ਤੋਂ ਕਿਸਾਨਾਂ ਵੱਲੋਂ ਕੌਮੀ ਰਾਜਧਾਨੀ ਵਿੱਚ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਹੱਕ ਵਿੱਚ ਕਈ ਖਿਡਾਰੀ, ਕਲਾਕਾਰ ਤੇ ਸਿਆਸੀ ਆਗੂ ਅੱਗੇ ਆ ਰਹੇ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਦਿਨ ਆਪਣਾ ਪਦਮ ਵਿਭੂਸ਼ਣ ਪੁਰਸਕਾਰ ਵਾਪਿਸ ਕਰ ਦਿੱਤਾ ਹੈ। ਉਸ ਤੋਂ ਕੁਝ ਦੇਰ ਬਾਅਦ ਹੀ ਸਾਬਕਾ ਕੇਂਦਰੀ ਮੰਤਰੀ, ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸ: ਸੁਖ਼ਦੇਵ ਸਿੰਘ ਢੀਂਡਸਾ ਨੇ ਵੀ ਪਦਮ ਭੂਸ਼ਣ ਐਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ।
ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਤਕਰੀਬਨ ਤਿੰਨ ਪੰਨਿਆਂ ਦਾ ਪੱਤਰ ਲਿਖ ਕੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ‘ਤੇ ਕੀਤੀ ਗਈ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਆਪਣਾ ਸਨਮਾਨ ਵਾਪਿਸ ਕਰ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ 2015 ਦੇ ਵਿੱਚ ਇਹ ਸਨਮਾਨ ਦਿੱਤਾ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਲਿਖਿਆ ਕਿ ਜਿਸ ਤਰ੍ਹਾਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ, ਉਸ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ। ਜਿਸ ਤਰਾਂ ਕਿਸਾਨਾਂ ਵਡੇ ਅੰਦੋਲਨ ਨੂੰ ਗਲਤ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਜਾਂ ਰਿਹਾ ਹੈ, ਇਹ ਦੁਖਦਾਈ ਹੈ।