Bad behavior in Congress : ਸੱਤਾਧਾਰੀ ਪਾਰਟੀ ਦੇ ਨੇਤਾ ਸਰਕਾਰੀ ਦਫਤਰਾਂ ਵਿੱਚ ਕਿਸ ਤਰ੍ਹਾਂ ਦਾਦਗਿਰੀ ਕਰਦੇ ਹਨ, ਇਸ ਦੀ ਤਾਜ਼ਾ ਮਿਸਾਲ ਜਲੰਧਰ ਸ਼ਹਿਰ ਵਿੱਚ ਦੇਖਣ ਨੂੰ ਮਿਲੀ, ਜਿਥੇ ਪੰਜਾਬ ਮੀਡੀਅਮ ਸਕੇਲ ਇੰਡਸਟਰੀ ਬੋਰਡ ਦੇ ਡਾਇਰੈਕਟਰ ਤੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਨਗਰ ਨਿਗਮ ਦਫ਼ਤਰ ਵਿੱਚ ਹੰਗਾਮਾ ਕਰ ਦਿੱਤਾ। ਇਹ ਸਟਾਫ ਦੀ ਕਿਸੇ ਕਾਰਵਾਈ ਤੋਂ ਨਾਰਾਜ਼ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਸਟਾਫ ਨਾਲ ਸ਼ਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਮਾਲਵਿੰਦਰ ਸਿੰਘ ਲੱਕੀ ਨੇ ਨਗਰ ਨਿਗਮ ਦੇ ਮੁਲਾਜ਼ਮ ’ਤੇ ਦੋਸ਼ ਲਗਾਏ ਕਿ ਬੀਐਮਸੀ ਚੌਕ ਨੇੜੇ ਬਦਰੀਨਾਥ ਕਾਲੋਨੀ ਵਿੱਚ ਉਸਦੀ ਜਾਇਦਾਦ ਦੀ ਫਾਈਲ ਸੀਐਲਯੂ ਲਈ ਮਾਰਚ ਤੋਂ ਲਟਕ ਰਹੀ ਹੈ| ਜਦੋਂਕਿ ਉਹ ਸੀਐਲਯੂ 40 ਲੱਖ ਅਦਾ ਕਰਨ ਲਈ ਤਿਆਰ ਹਨ। ਇਸ ਦੇ ਬਾਵਜੂਦ ਐਮਟੀਪੀ ਕੰਮ ਕਰਨ ਲਈ ਤਿਆਰ ਨਹੀਂ ਹੈ | ਲੱਕੀ ਇਸ ਗੱਲ ਤੋਂ ਨਾਰਾਜ਼ ਸੀ ਅਤੇ ਇਸੇ ਦੇ ਚੱਲਦਿਆਂ ਉਸ ਨੇ ਨੇ ਐਮਟੀਪੀ ਪਰਮਪਾਲ ਸਿੰਘ ਦੀ ਬਾਂਹ ਫੜ ਲਈ ਅਤੇ ਉਸਨੂੰ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਦੇ ਕਮਰੇ ਵਿਚ ਖਿੱਚ ਕੇ ਲੈ ਗਏ |
ਇਸ ਬਾਰੇ ਜਦੋਂ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਪਰਡੈਂਟ ਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਨੇਤਾ ਮਾਲਵਿੰਦਰ ਸਿੰਘ ਲੱਕੀ ਦਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ। ਜੇਕਰ ਉਨ੍ਹਾਂ ਨੂੰ ਨਿਗਮ ਦੇ ਕਿਸੇ ਮੁਲਾਜ਼ਮ ਤੋਂ ਕੋਈ ਸਮੱਸਿਆ ਜਾਂ ਸ਼ਿਕਾਇਤ ਹੈ ਤਾਂ ਵੱਡੇ ਅਫਸਰਾਂ ਦੇ ਸਾਹਮਣੇ ਗੱਲ ਕਰਨ ਉਨ੍ਹਾਂ ਦਾ ਅਧਿਕਾਰ ਹੈ| ਪਰ ਐਮਟੀਪੀ ਜਾਂ ਕਿਸੇ ਹੋਰ ਸਟਾਫ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੋਮਵਾਰ ਨੂੰ ਯੂਨੀਅਨ ਦੀ ਬੈਠਕ ਹੋਵੇਗੀ, ਜਿਸ ਵਿਚ ਇਸ ਬਾਰੇ ਅਤੇ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ।