Bathinda farmer died in Delhi : ਬਠਿੰਡਾ : ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਬਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਦੇ ਇੱਕ ਕਿਸਾਨ ਦੀ ਵੀਰਵਾਰ ਨੂੰ ਦਿੱਲੀ-ਟਕਰੀ ਸਰਹੱਦ ‘ਤੇ ਕਿਸਾਨ ਅੰਦੋਲਨ ਦੌਰਾਨ ਮੌਤ ਹੋ ਗਈ। ਲਖਬੀਰ ਸਿੰਘ ਉਮਰ 50 ਸਾਲ ਤੋਂ ਉੱਪਰ ਸੀ। ਦੱਸਿਆ ਜਾਂਦਾ ਹੈ ਕਿ ਲਖਬੀਰ ਸਿੰਘ ਨੂੰ ਦਿਲ ਦਾ ਦੌਰਾ ਪੈ ਸੀ, ਜਿਸ ਤੋਂ ਬਾਅਦ ਉਸਨੂੰ ਪੀਜੀਆਈ ਰੋਹਤਕ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਬਾਰੇ ਜਾਣਾਕਾਰੀ ਦਿੰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਹਰਜਿੰਦਰ ਬੱਗੀ ਨੇ ਕਿਹਾ “ਲਖਬੀਰ ਨੂੰ ਬੁੱਧਵਾਰ ਰਾਤ ਨੂੰ ਬੇਚੈਨੀ ਹੋ ਰਹੀ ਸੀ, ਜਿਸ ਤੋਂ ਬਾਅਦ ਉਸਨੂੰ ਦਿਲ ਦਾ ਦੌਰਾ ਪੈ ਗਿਆ। ਵਿਰੋਧ ਕਰਨ ਵਾਲੇ ਉਸਦੇ ਪਿੰਡ ਦੇ ਕਿਸਾਨ ਉਸਨੂੰ ਪੀਜੀਆਈ ਰੋਹਤਕ ਲੈ ਗਏ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ” ਉਨ੍ਹਾਂ ਦੱਸਿਆ ਕਿ “ਆਪਣੇ ਸੇਵਾ ਭਾਵਨਾ ਅਤੇ ਯੂਨੀਅਨ ਮੈਂਬਰਾਂ ਵਿੱਚ ਸਖਤ ਮਿਹਨਤ ਕਰਕੇ ਜਾਣੇ ਜਾਂਦੇ ਲਖਬੀਰ ਅੰਦੋਲਨ ਦੌਰਾਨ ਲੰਗਰਾਂ ਵਿੱਚ ਸਵੈਇੱਛਾ ਨਾਲ ਸੇਵਾ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਵੀ ਉਸਨੇ ਪਿੰਡ ਬਾਦਲ ਵਿਖੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿਚ ਕਾਫ਼ੀ ਸਰਗਰਮੀ ਨਾਲ ਹਿੱਸਾ ਲਿਆ ਸੀ।
ਲਖਬੀਰ ਦੇ ਪਰਿਵਾਰ ਵਿੱਚ ਪਤਨੀ, ਬੇਟਾ ਅਤੇ ਬੇਟੀ ਹੈ। ਉਸਦੇ ਪਿੰਡ ਦੇ ਕਿਸਾਨ, ਜੋ ਉਸਦੇ ਨਾਲ ਵਿਰੋਧ ਪ੍ਰਦਰਸ਼ਨ ਵਾਲੀ ਥਾਂ ’ਤੇ ਗਏ ਸਨ, ਨੇ ਉਸਨੂੰ ਕੁਝ ਸਮੇਂ ਬਾਅਦ ਆਪਣੇ ਘਰ ਪਰਤਣ ਅਤੇ ਵਾਪਸ ਆਉਣ ਲਈ ਕਿਹਾ ਸੀ, ਪਰ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਜਾਂ ਤਾਂ ਵਿਰੋਧ ਕਰਦੇ ਹੋਏ ਮਰ ਜਾਵੇਗਾ ਜਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏਗਾ। ਉਨ੍ਹਾਂ ਕਿਹਾ ਕਿ “ਅਸੀਂ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਤੋਂ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ।” ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਦਰਸ਼ਨ ਦੌਰਾਨ ਬੁੱਧਵਾਰ ਨੂੰ ਦੋ ਕਿਸਾਨਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਮਾਨਸਾ ਜ਼ਿਲੇ ਦੇ ਪਿੰਡ ਬੱਛੋਆਣਾ ਦੇ 60 ਸਾਲਾ ਕਿਸਾਨ ਗੁਰਜੰਟ ਸਿੰਘ ਅਤੇ ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ਦੇ ਕਿਸਾਨ ਗੁਰਬਚਨ ਸਿੰਘ (85) ਸ਼ਾਮਲ ਸਨ। ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਦੋਹਾਂ ਕਿਸਾਨਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਹੈ।