Beatings of farmers marching in Delhi : ਹੁਸ਼ਿਆਰਪੁਰ : ਕੇਂਦਰ ਸਰਕਾਰ ਵੱਲੋਂ ਲਿਆਂਦੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੌਰਾਨ ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬੀਤੇ ਦਿਨ ਦਿੱਲੀ ਦੇ ਸਿੰਘੂ ਬਾਰਡਰ ਵੱਲ ਟਾਂਡਾ ਤੋਂ ਜਾ ਰਹੇ ਕਿਸਾਨਾਂ ਦੀ ਕਾਰ ਨੂੰ ਰੋਕ ਕੇ ਮੁਕੇਰੀਆਂ ਟੌਲ ਪਲਾਜ਼ਾ ਨੇੜੇ ਕੁੱਟਮਾਰ ਕੀਤੀ ਗਈ। ਕਿਸਾਨਾਂ ਨੇ ਇਸ ਦੇ ਲਈ ਭਾਜਪਾ ਨਾਲ ਜੁੜੇ ਲੋਕਾਂ ‘ਤੇ ਦੋਸ਼ ਲਗਾਏ ਹਨ ਕਿ ਕੁੱਟਮਾਰ ਕਰਨ ਵਿੱਚ ਉਨ੍ਹਾਂ ਦਾ ਸੰਬੰਧ ਹੈ, ਜਦਕਿ ਭਾਜਪਾ ਆਗੂਆਂ ਨੇ ਕਿਸਾਨਾਂ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਕਿਸਾਨ ਆਗੂ ਨੇ ਦੱਸਿਆ ਕਿ ਉਹ ਦਿੱਲੀ ਸਰਹੱਦ ‘ਤੇ ਕਿਸਾਨਾਂ ਦੇ ਹੋ ਰਹੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਲਗਾਤਾਰ ਜਥੇ ਪੰਜਾਬ ਤੋਂ ਰਵਾਨਾ ਹੋ ਰਹੇ ਹਨ। ਬੀਤੇ ਦਿਨ ਟਾਂਡਾ ਤੋਂ ਰਵਾਨਾ ਹੋਏ ਕਿਸਾਨਾਂ ਦੀ ਇਕ ਕਾਰ ਨੂੰ ਮੁਕੇਰੀਆਂ ਕੋਲ ਕੁਝ ਲੋਕਾਂ ਵੱਲੋਂ ਰੋਕਿਆ ਗਿਆ। ਉਨ੍ਹਾਂ ਨੇ ਕਾਰ ‘ਤੇ ਪ੍ਰਧਾਨ ਮੰਤਰੀ ਨÎਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੋਸਟਰਾਂ ’ਤੇ ਇਤਰਾਜ਼ ਜਤਾਇਆ ਅਤੇ ਕਾਰ ਦੀ ਚਾਬੀ ਖੋਹ ਲਈ ਅਤੇ ਕਾਰ ਸਵਾਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਜਦੋਂ ਟੌਲ ਪਲਾਜ਼ਾ ‘ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਉਥੇ ਪਹੁੰਚੇ ਪਰ ਉਦੋਂ ਤੱਕ ਹਮਲਾਵਰ ਉਥੋਂ ਭੱਜ ਗਏ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਲੋਕ ਭਾਜਪਾ ਪਾਰਟੀ ਨਾਲ ਸੰਬੰਧਤ ਸਨ ਅਤੇ ਇਨ੍ਹਾਂ ‘ਤੇ ਕਾਤਲਾਨਾ ਹਮਲੇ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ, ਜਦਕਿ ਮੁਕੇਰੀਆਂ ਦੇ ਸੀਨੀਅਰ ਭਾਜਪਾ ਆਗੂ ਜੰਗੀ ਲਾਲ ਮਹਾਜਨ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਭਾਜਪਾ ਨਾਲ ਸੰਬੰਧਤ ਕਿਸੇ ਵਿਅਕਤਤੀ ਦਾ ਲੈਣਾ-ਦੇਣਾ ਨਹੀਂ ਹੈ। ਜ਼ਖਮੀਆਂ ਨੂੰ ਟਾਂਡਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ