Biba Harsimrat Badal made : ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਕੰਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਹ ਕੇ ਨਵੀਂ ਸੰਸਥਾ ETPB ਨੂੰ ਸੌਂਪ ਦਿੱਤਾ ਗਿਆ ਹੈ, ਜੋਕਿ ਇੱਕ ਇਸਲਾਮਿਕ ਸੰਸਥਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਸਰਕਾਰ ਦੇ ਇਸ ਕਦਮ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਉਠਾਉਣ ਅਤੇ ਇਸ ਧਰਮ ਦੇ ਅਸਥਾਨ ਦੇ ਪ੍ਰਬੰਧਨ ਦੇ ਅਧਿਕਾਰ ਛੇਤੀ ਤੋਂ ਛੇਤੀ ਸਿੱਖ ਸੰਸਥਾ ਨੂੰ ਹੀ ਦਿੱਤਾ ਜਾਵੇ।
ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਹੀ ਅਸਵੀਕਾਰਨਯੋਗ ਹੈ! ਸਿੱਖ ਇਸ ਗੱਲੋਂ ਨਾਰਾਜ਼ ਹਨ ਕਿ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਕੰਟਰੋਲ ਇਸਲਾਮਿਕ ਬਾਡੀ ਈ.ਟੀ.ਬੀ.ਪੀ. ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਮਰਾਨ ਖਾਨ ਕੋਲ ਇਹ ਮਾਮਲਾ ਉਠਾਉਣ ਦੀ ਅਪੀਲ ਕਰਦੇ ਹਾਂ ਤਾਂ ਜੋ ਸਿੱਖ ਧਰਮ ਦੇ ਅਸਥਾਨ ਦੇ ਪ੍ਰਬੰਧਨ ਦੇ ਅਧਿਕਾਰ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾ ਸਕੇ।
ਦੱਸਣਯੋਗ ਹੈ ਕਿ ਸਿੱਖਾਂ ਦੇ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਕਰਤਾਰਪੁਰ ਸਾਹਿਬ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ । ਪਾਕਿਸਤਾਨ ਵਿੱਚ ਪੈਣ ਵਾਲੇ ਇਸ ਜਗ੍ਹਾ ‘ਤੇ ਗੁਰੂ ਨਾਨਕ ਦੇਵ ਨੇ ਆਖਰੀ ਸਮਾਂ ਬਿਤਾਇਆ ਸੀ। ਇਸ ਦਾ ਪ੍ਰਬੰਧਨ ਪਹਿਲਾਂ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੀ। ਪਾਕਿਸਤਾਨ ਸਰਕਾਰ ਨੇ ਹੁਣ ਕਰਤਾਰਪੁਰ ਗੁਰਦੁਆਰੇ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਨੂੰ ਸੌਂਪੀ ਹੈ, ਉਸਦੇ ਸਾਰੇ 9 ਮੈਂਬਰ Evacuee Trust Property Board (ETPB) ਨਾਲ ਸਬੰਧ ਰੱਖਦੇ ਹਨ । ਦੱਸਿਆ ਜਾ ਰਿਹਾ ਹੈ ਕਿ ETPB ਨੂੰ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਕੰਟਰੋਲ ਕਰਦੀ ਹੈ। ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ CEO ਦਾ ਐਮ. ਤਾਰਿਕ ਖਾਨ ਨੂੰ ਬਣਾਇਆ ਗਿਆ ਹੈ । ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਗੁਰਦੁਆਰੇ ਸਬੰਧੀ ਜਾਰੀ ਕੀਤੇ ਗਏ ਨਵੇਂ ਆਦੇਸ਼ ਵਿੱਚ ਗੁਰਦੁਆਰੇ ਰਾਹੀਂ ਇੱਕ ਕਾਰੋਬਾਰੀ ਯੋਜਨਾ ਬਣਾਈ ਗਈ ਹੈ । ਇਸ ਆਦੇਸ਼ ਵਿੱਚ ਪ੍ਰਾਜੈਕਟ ਬਿਜ਼ਨੈੱਸ ਯੋਜਨਾ ਦਾ ਜ਼ਿਕਰ ਵੀ ਹੈ।