ਚੰਡੀਗੜ੍ਹ : ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
ਦੱਸਣਯੋਗ ਹੈ ਕਿ ਭਾਜਪਾ ਆਗੂ ਅਨਿਲ ਜੋਸ਼ੀ ਬੀਜੇਪੀ ਦੇ ਅਜਿਹੇ ਆਗੂ ਸਨ ਜੋ ਆਪਣੀ ਹੀ ਪਾਰਟੀ ਦੇ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਬੋਲ ਰਹੇ ਸਨ। ਅੰਦੋਲਨ ਬਾਰੇ ਬਿਆਨਬਾਜ਼ੀ ਕਰਨ ‘ਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਭੇਜਿਆ ਗਿਆ, ਜਿਸ ਦੇ ਵਿਰੋਧ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਟੀਮ ਨੇ ਕਿਸਾਨ ਅੰਦੋਲਨ ਬਾਰੇ ਕੇਂਦਰ ਨੂੰ ਢੁਕਵੀਂ ਫੀਡਬੈਕ ਨਹੀਂ ਦਿੱਤੀ, ਜਿਸ ਕਾਰਨ ਇਥੇ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਕੇਂਦਰ ਸਰਕਾਰ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਪਾਰਟੀ ਦੀਆਂ ਨੀਤੀਆਂ ਖਿਲਾਫ ਬਿਆਨਬਾਜ਼ੀ ਕਰ ਰਹੇ ਸਨ, ਜੋ ਪਾਰਟੀ ਵਿਰੋਧੀ ਗਤੀਵਿਧੀਆਂ ਹਨ। ਇਸ ਲਈ ਪ੍ਰਦੇਸ਼ ਭਾਜਪਾ ਵੱਲੋਂ ਅਨਿਲ ਜੋਸ਼ੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ, ਜਿਸ ‘ਤੇ ਜੋਸ਼ੀ ਨੂੰ ਦੋ ਦਿਨਾਂ ਦੇ ਅੰਦਰ ਜਵਾਬ ਦੇਣ ਦਾ ਸਮਾਂ ਦਿੱਤਾ ਗਿਆ।
ਇਹ ਵੀ ਪੜ੍ਹੋ : ‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ- CS ਵੱਲੋਂ ਟੈਸਟਿੰਗ, ਇਲਾਜ ਤੇ ਮਿਡ ਡੇਅ ਮੀਲ ਦੀ ਪੌਸ਼ਟਿਕਤਾ ਵਧਾਉਣ ਦੀਆਂ ਹਿਦਾਇਤਾਂ
ਪਰ ਅਨਿਲ ਜੋਸ਼ੀ ਨੇ ਪਾਰਟੀ ਖਿਲਾਫ ਚਲਣ ਦੇ ਆਪਣੇ ਅੜੀਅਲ ਰਵੱਈਏ ਨੂੰ ਨਹੀਂ ਛੱਡਿਆ, ਜਿਸ ‘ਤੇ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ‘ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜੋਸ਼ੀ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਅਨਿਲ ਜੋਸ਼ੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲ ਲਈ ਕੱਢ ਦਿੱਤਾ ਹੈ।