BJP MLA Arun Narang : ਮਲੋਟ ਤੋਂ ਅੱਜ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਕਿਸਾਨਾਂ ਨੇ ਭਾਜਪਾ ਆਗੂ ’ਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਪਠੇਲਾ ਗੋਰਾ ਅੱਜ ਮਲੋਟ ਵਿਖੇ ਮਲੋਟ ਵਿੱਚ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ ਸਨ, ਜਿਥੇ ਕਿਸਾਨਾਂ ਨੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ।
ਮੌਕੇ ‘ਤੇ ਤਾਇਨਾਤ ਪੁਲਿਸ ਵਿਧਾਇਕ ਨੂੰ ਸੁਰੱਖਿਅਤ ਵਾਪਿਸ ਭੇਜਣ ਦੀ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਸੀ, ਇਸੇ ਦੌਰਾਨ ਕਿਸਾਨਾਂ ਨੇ ਹਮਲਾ ਕਰਕੇ ਜਿਥੇ ਭਾਜਪਾ ਆਗੂਆਂ ਨੂੰ ਕੁੱਟਿਆ ਉੱਥੇ ਵਿਧਾਇਕ ਅਰੁਣ ਨਾਰੰਗ ਦੇ ਸਾਰੇ ਕੱਪੜੇ ਪਾੜ ਕਿ ਉਸ ਨੂੰ ਨੰਗਾ ਕਰ ਦਿੱਤਾ। ਪੁਲਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਇੱਕ ਦੁਕਾਨ ਦੇ ਅੰਦਰ ਵਾੜ ਕਿ ਸ਼ਟਰ ਸੁੱਟ ਕੇ ਬਚਾਇਆ।
ਜਿਵੇਂ ਹੀ ਭਾਜਪਾ ਆਗੂ ਆਪਣੀ ਗੱਡੀ ਮਲੋਟ ਦੇ ਭਾਜਪਾ ਦਫ਼ਤਰ ਕੋਲ ਪਹੁੰਚੇ, ਵੱਡੀ ਗਿਣਤੀ ਵਿੱਚ ਕਿਸਾਨ ਉਥੇ ਪਹੁੰਚ ਗਏ ਅਤੇ ਭਾਜਪਾ ਆਗੂਆਂ ਨਾਲ ਕੁੱਟਮਾਰ ਕੀਤੀ ਤੇ ਵਿਧਾਇਕ ਦੇ ਪੂਰੇ ਕੱਪੜੇ ਪਾੜ ਉਸ ਨੂੰ ਨੰਗਾ ਕਰ ਦਿੱਤਾ। ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾ ਕਿ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕੁਝ ਕਿਸਾਨਾਂ ਨੇ ਕਾਲੇ ਤੇਲ ਵਰਗਾ ਕੋਈ ਤਰਲ ਪਦਾਰਥ ਵੀ ਭਾਜਪਾ ਆਗੂਆਂ ਉਪਰ ਸੁੱਟਿਆ, ਜਿਹੜਾ ਉਨ੍ਹਾਂ ਦੇ ਮੂੰਹ ‘ਤੇ ਤਾਂ ਨਹੀਂ ਲੱਗਾ ਪਰ ਗੱਡੀ ਅਤੇ ਕੱਪੜਿਆਂ ਉਪਰ ਪੈ ਗਿਆ।