Blasphemy charges against two Christian : ਲਾਹੌਰ : ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਇਕ ਹਸਪਤਾਲ ਦੇ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਦੋ ਈਸਾਈ ਨਰਸਾਂ ਖ਼ਿਲਾਫ਼ ਈਸ਼ਨਿੰਦਾ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਲੋਕਾਂ ਨੇ ਨਰਸਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਨਰਸਾਂ ‘ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਇੱਕ ਹਸਪਤਾਲ ਦੇ ਵਾਰਡ ਦੀ ਕੰਧ ਤੋਂ ਇਸਲਾਮਿਕ ਆਯਤਾਂ ਲਿਖੇ ਹੋਏ ਸਟੀਕਰ ਹਟਾਏ ਹਨ। ਇਸ ਵਾਰਡ ਵਿਚ ਮਾਨਸਿਕ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ।
ਪੁਲਿਸ ਅਨੁਸਾਰ ਸ਼ੁੱਕਰਵਾਰ ਨੂੰ ਡਿਪਟੀ ਮੈਡੀਕਲ ਸੁਪਰਡੈਂਟ ਡਾ. ਮੁਹੰਮਦ ਅਲੀ ਦੀ ਸ਼ਿਕਾਇਤ ‘ਤੇ ਫੈਸਲਾਬਾਦ ਦੇ ਜ਼ਿਲ੍ਹਾ ਹੈਡਕੁਆਰਟਰ ਹਸਪਤਾਲ ਵਿੱਚ ਕੰਮ ਕਰ ਰਹੀਆਂ ਨਰਸਾਂ ਮਰੀਅਮ ਲਾਲ ਅਤੇ ਨੇਵਿਸ਼ ਅਰੂਜ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਸੀ। ਅਲੀ ਦਾ ਦਾਅਵਾ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਹਸਪਤਾਲ ਕਮੇਟੀ ਨੇ ਦੋਵਾਂ ਨਰਸਾਂ ਖ਼ਿਲਾਫ਼ ਈਸ਼ਨਿੰਦਾ ਦੇ ਦੋਸ਼ ਸਾਬਤ ਕਰ ਦਿੱਤੇ ਹਨ। ਇਸ ਦੌਰਾਨ ਹਸਪਤਾਲ ਦੇ ਕਰਮਚਾਰੀਆਂ ਨੇ ਨਰਸਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸਥਾਨਕ ਮੁਸਲਿਮ ਧਾਰਮਿਕ ਆਗੂ ਵੀ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ। ਕੁਝ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਨਰਸਾਂ ਵਿਚੋਂ ਇਕ ਨੂੰ ਫੜਨ ਲਈ ਹਸਪਤਾਲ ਵਿਚ ਖੜ੍ਹੀ ਇਕ ਪੁਲਿਸ ਗੱਡੀ ‘ਤੇ ਹਮਲਾ ਕਰ ਦਿੱਤਾ, ਪਰ ਪੁਲਿਸ ਨੇ ਨਰਸ ਨੂੰ ਭੀੜ ਤੋਂ ਬਚਾਉਣ ਲਈ ਨਰਸ ਨੂੰ ਗੱਡੀ ਦੇ ਅੰਦਰ ਹੀ ਬੰਦ ਕਰ ਦਿੱਤਾ।