BPL and SC / BC categories will get : ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਕ ਨਵੀਂ ਯੋਜਨਾ ‘ਕਿਫਾਇਤੀ ਐਲ.ਈ.ਡੀ. ਬੱਲਬ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਅਧੀਨ ਗਰੀਬੀ ਰੇਖਾ ਤੋਂ ਹੇਠਾਂ (BPL), ਐੱਸਸੀ ਅਤੇ ਬੀਸੀ ਵਰਗਾਂ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਏਗੀ। ਇਸ ਅਧੀਨ ਇਨ੍ਹਾਂ ਵਰਗਾਂ ਦੇ ਯੋਗ ਖਪਤਕਾਰਾਂ ਨੂੰ 30 ਰੁਪਏ ਵਿੱਚ 2 LED ਮੁਹੱਈਆ ਕਰਵਾਏ ਜਾਣਗੇ। ਖਪਤਕਾਰ ਸਬੰਧਤ PSPCL ਦੇ ਦਫ਼ਤਰ ਨਾਲ ਸੰਪਰਕ ਕਰਕੇ ਅਤੇ ਮੌਜੂਦਾ ਬਿੱਲ, ਪਛਾਣ ਪੱਤਰ ਅਤੇ ਇੱਕ ਸੈਲਫ ਅੰਡਰਟੇਕਿੰਗ ਜਮ੍ਹਾਂ ਕਰਵਾ ਕੇ ਉਪਰੋਕਤ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਅਧੀਨ ਗਰੀਬੀ ਰੇਖਾ ਤੋਂ ਹੇਠਾਂ, ਐਸ.ਸੀ. ਅਤੇ ਬੀ.ਸੀ. ਵਰਗਾਂ ਦੇ ਖਪਤਕਾਰ ਜਿਨ੍ਹਾਂ ਦਾ ਲੋਡ ਇਕ ਕਿਲੋਵਾਟ ਤੱਕ ਹੈ, ਪ੍ਰਤੀ ਮਹੀਨਾ 200 ਯੂਨਿਟ ਬਿਜਲੀ ਦੀ ਰਿਆਇਤ ਪ੍ਰਾਪਤ ਕਰ ਸਕਦੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਏ. ਵੇਣੂੰ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 8.63 ਕਰੋੜ ਰੁਪਏ ਦੀ ਲਾਗਤ ਵਾਲੀ ਸ਼ੁਰੂ ਕੀਤੀ ਗਈ ਇਸ ਨਵੀਂ ਯੋਜਨਾ ਦਾ ਉਦੇਸ਼ ਗਰੀਬੀ ਰੇਖਾ ਤੋਂ ਹੇਠਾਂ (ਬੀ.ਪੀ.ਐਲ.), ਐਸ.ਸੀ. ਅਤੇ ਬੀ.ਸੀ. ਵਰਗਾਂ ਨਾਲ ਸਬੰਧਤ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਐਲ.ਈ.ਡੀ. ਬੱਲਬ 80-90 ਫੀਸਦੀ ਤੱਕ ਬਿਜਲੀ ਦੀ ਬਚਤ ਕਰਨਗੇ ਅਤੇ ਲੰਬੇ ਸਮੇਂ (20,000 ਘੰਟੇ) ਤੱਕ ਚੱਲਣਗੇ। ਵਾਤਾਵਰਣ ਅਨੁਕੂਲ ਹੋਣ ਤੋਂ ਇਲਾਵਾ ਇਹਨਾਂ ਵਿਚ ਅੱਗ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ।