Brothers put petrol on Sister : ਫਾਜ਼ਿਲਕਾ ਵਿੱਚ ਇੱਕ ਵਿਆਹੁਤਾ ਔਰਤ ਨੂੰ ਸੰਬੰਧ ਬਣਾਉਣ ਲਈ ਮਜਬੂਰ ਕਰਨ ’ਤੇ ਮਨ੍ਹਾ ਕਰਨ ’ਤੇ ਦੋ ਸਕੇ ਭਰਾਵਾਂ ਵੱਲੋਂ ਪੈਟਰੋਲ ਪਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਕਿਸੇ ਤਰ੍ਹਾਂ ਸੜਕ ਕੰਢੇ ਪਾਣੀ ਨਾਲ ਭਰੇ ਖੇਤ ਵਿੱਚ ਛਾਲ ਮਾਰ ਕੇ ਅੱਗ ਬੁਝਾਈ ਅਤੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਔਰਤ ਦੀ ਹਾਲਤ ਦੇਖਦਿਆਂ ਹੀ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਔਰਤ ਦੇ ਪਤੀ ਨੇ ਪੁਲਿਸ ਤੋਂ ਦੋਸ਼ੀ ਭਰਾਵਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪਰ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਇਸ ਬਾਰੇ ਔਰਤ ਨੇ ਦੱਸਿਆ ਕਿ ਉਹ ਸੋਮਵਾਰ ਰਾਤ ਨੂੰ ਆਪਣੀ ਮਾਸੀ ਦੇ ਘਰ ਜਾ ਰਹੀ ਸੀ। ਰਸਤੇ ਵਿਚ ਉਸ ਦੇ ਭਰਾਵਾਂ ਪੂਰਨ ਸਿੰਘ ਅਤੇ ਸੁਖਬੀਰ ਸਿੰਘ ਨੇ ਘੇਰ ਲਿਆ ਅਤੇ ਉਸ ਨੂੰ ਸੰਬੰਧ ਬਣਾਉਣ ਲਈ ਕਿਹਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਜੇਕਰ ਉਹ ਪਾਣੀ ਨਾਲ ਭਰੇ ਝੋਨੇ ਦੇ ਖੇਤ ਵਿਚ ਛਾਲ ਨਾ ਮਾਰਦੀ, ਤਾਂ ਉਹ ਪੂਰੀ ਤਰ੍ਹਾਂ ਸੜ ਜਾਂਦੀ। ਉਸ ਨੇ ਦੱਸਿਆ ਕਿ ਦੋਸ਼ੀਆਂ ਨੇ ਕੁਝ ਸਮਾਂ ਪਹਿਲਾਂ ਵੀ ਉਸ ਨਾਲ ਜ਼ਬਰਦਸਤੀ ਕੀਤਾ ਸੀ। ਇਸ ਤੋਂ ਬਾਅਦ ਦੋਵੇਂ ਉਸ ਨੂੰ ਇਸ ਦੇ ਲਈ ਮਜਬੂਰ ਕਰਨ ਲੱਗੇ। ਦੋਵਾਂ ਨੇ ਘਰ ਵਿੱਚ ਦਾਖਲ ਹੋ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਉਸ ਨੇ ਥਾਣੇ ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਦੋਵਾਂ ਨੇ ਮੁਆਫੀ ਮੰਗ ਲਈ ਅਤੇ ਵਿਸ਼ਵਾਸ ਦਿਵਾਇਆ ਸੀ ਕਿ ਉਹ ਦੁਬਾਰਾ ਅਜਿਹਾ ਨਹੀਂ ਕਰਨਗੇ।
ਪੀੜਤ ਔਰਤ ਦੇ ਪਤੀ ਨੇ ਦੱਸਿਆ ਕਿ ਜਦੋਂ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਪਤਨੀ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਲੈ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫ਼ਰ ਕਰ ਦਿੱਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਨਾਲ ਇਨਸਾਫ ਕੀਤਾ ਜਾਵੇ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਸਨੇ ਕਿਹਾ ਕਿ ਮੁਲਜ਼ਮ ਨੇ ਉਸਦੀ ਪਤਨੀ ਨੂੰ ਹੀ ਨਹੀਂ ਬਲਕਿ ਉਸਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਔਰਤ ਵੱਲੋਂ ਵੀਡੀਓ ਬਿਆਨ ਦੇਣ ਤੋਂ ਬਾਅਦ ਇਸ ਮਾਮਲੇ ਦੀ ਥਾਣਾ ਇੰਚਾਰਜ ਫਾਜ਼ਿਲਕਾ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਨ੍ਹਾਂ ਨੇ ਬੂਟਾ ਸਿੰਘ ਨੂੰ ਇਸ ਕੇਸ ਦੀ ਜਾਂਚ ਅਧਿਕਾਰੀ ਬਣਾ ਕੇ ਭੇਜਿਆ ਹੈ। ਔਰਤ ਦੇ ਬਿਆਨ ਆਉਣ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।