BSF arrests 6 Pakistani : ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਛੇ ਪਾਕਿਸਤਾਨੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਘੁੰਮ ਰਹੇ ਸਨ। ਇਹ ਛੇ ਨੌਜਵਾਨ 20 ਤੋਂ 21 ਸਾਲ ਦੇ ਵਿਚਕਾਰ ਹਨ। ਫਿਲਹਾਲ ਨੌਜਵਾਨਾਂ ਤੋਂ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੀ ਸਾਂਝੀ ਟੀਮ ਪੁੱਛ-ਗਿੱਛ ਕਰ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੇ ਅਣਜਾਣੇ ਵਿਚ ਸਰਹੱਦ ਪਾਰ ਕੀਤੀ ਹੈ ਜਾਂ ਕੋਈ ਮਨੋਰਥ ਸੀ।
ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਨੌਜਵਾਨ ਨੂੰ ਭਾਰਤ-ਪਾਕਿ ਸਰਹੱਦ ਦਾ ਕਾਂਜਰੀ ਬ੍ਰਿਜ ਪਾਰ ਕਰਦਿਆਂ ਬੀਤੀ ਰਾਤ ਕਾਬੂ ਕੀਤਾ ਗਿਆ। ਇਹ ਸਾਰੇ ਨੌਜਵਾਨ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਰਹਿਣ ਵਾਲੇ ਹਨ। ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਨੌਜਵਾਨਾਂ ਦੀ ਪਛਾਣ ਮੁਹੰਮਦ ਆਸਿਫ਼ (25) ਪੁੱਤਰ ਆਸ਼ਿਕ ਹੁਸੈਨ, ਮੁਹੰਮਦ ਉਮਰ ਫਾਰੂਕ (21) ਪੁੱਤਰ ਮੁਹੰਮਦ ਅਯੂਬ, ਮੁਹੰਮਦ ਆਰਿਫ਼ (22) ਪੁੱਤਰ ਸ਼ਹਿਜ਼ਾਦ ਖਾਨ, ਮੁਹੰਮਦ ਅਰਸਲਾਂ (14) ਪੁੱਤਰ ਬਿਲਾਲ ਵਾਸੀ ਪਿੰਡ ਕੋਕਰ, ਥਾਣਾ ਸਦਰ ਡੇਰਾ ਮੁਸਕਾਨ ਖਾਨ, ਇਸਮਾਈਲ ਖਾਨ ਦੇ ਜ਼ਿਲ੍ਹਾ ਡੇਰਾ ਨਿਵਾਸੀ ਵਜੋਂ ਹੋਈ ਹੈ। ਉਥੇ ਹੀ ਦੂਸਰੇ ਦੋ ਨੌਜਵਾਨ ਰਾਜਾ ਅੱਬਾਸ (19) ਪੁੱਤਰ ਗੁਲਾਮ ਸਾਬੀਰ ਅਤੇ ਸ਼ੌਕਤ (18) ਪੁੱਤਰ ਯਾਸੀਨ ਪਿੰਡ ਹਿੰਮਤ ਥਾਣਾ ਡੇਰਾ ਮੁਸਕਾਨ ਖਾਨ, ਜ਼ਿਲ੍ਹਾ ਡੇਰਾ ਇਸਮਾਈਲ ਖਾਨ ਦੇ ਰਹਿਣ ਵਾਲੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਿਲਹਾਲ ਇਨ੍ਹਾਂ ਨੌਜਵਾਨਾਂ ਤੋਂ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੀ ਸਾਂਝੀ ਟੀਮ ਇਹ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੀ ਹੈ ਕਿ ਕੀ ਉਹ ਗਲਤੀ ਨਾਲ ਸਰਹੱਦ ‘ਤੇ ਪਹੁੰਚੇ ਸਨ ਜਾਂ ਉਨ੍ਹਾਂ ਦਾ ਕੋਈ ਗ਼ਲਤ ਇਰਾਦਾ ਸੀ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਵਸਨੀਕ ਅਲੀ ਹੈਦਰ 31 ਦਸੰਬਰ ਨੂੰ ਗਲਤੀ ਨਾਲ ਕੰਟਰੋਲ ਰੇਖਾ ਨੂੰ ਪਾਰ ਕਰ ਗਿਆ ਸੀ। ਉਸ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਸੀ।