BSF jawan arrested : ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਇੱਕ ਬੀਐਸਐਫ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਵਾਨ ਨੂੰ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਦੇ ਕਬਜ਼ੇ ਵਿਚੋਂ ਮੋਬਾਈਲ ਬਰਾਮਦ ਕੀਤਾ ਗਿਆ ਹੈ। ਦੋਸ਼ ਹੈ ਕਿ ਕਿ ਇਹ ਜਵਾਨ ਆਪਣੇ ਮੋਬਾਈਲ ਰਾਹੀਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਸੁਨੇਹਾ ਭੇਜ ਰਿਹਾ ਸੀ। ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।

ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਪਿੰਡ ਸਾਸੇਵਦੀ ਦੇ ਰਹਿਣ ਵਾਲੇ ਕਾਲੇ ਪ੍ਰਕਾਸ਼ ਧਨਯਾਦੇਵ ਵਜੋਂ ਹੋਈ ਹੈ। ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੂੰ ਸੂਚਿਤ ਕੀਤਾ ਗਿਆ ਕਿ ਕਾਲੇ ਪ੍ਰਕਾਸ਼ ਖਾਸਾ ਵਿੱਚ ਇੱਕ ਕਾਂਸਟੇਬਲ ਦੇ ਅਹੁਦੇ ਤੇ ਤਾਇਨਾਤ ਸੀ। ਸਰਹੱਦ ‘ਤੇ ਡਿਊਟੀ ਕਰਦੇ ਸਮੇਂ ਉਹ ਕਿਸੇ ਤਰ੍ਹਾਂ ਪਾਕਿਸਤਾਨ ਦੀ ਖਤਰਨਾਕ ਏਜੰਸੀ ਆਈਐਸਆਈ ਦੇ ਸੰਪਰਕ ਵਿੱਚ ਆਇਆ। ਉਥੇ ਹੀ ਉਸ ਨੇ ਆਪਣੇ ਮੋਬਾਈਲ ਨੰਬਰ ਦਾ ਪਾਕਿਸਤਾਨੀ ਜਾਸੂਸ ਨਾਲ ਆਦਾਨ-ਪ੍ਰਦਾਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ। ਇਲਜਾਮ ਲਗਾਇਆ ਜਾ ਰਿਹਾ ਹੈ ਕਿ ਇਹ ਜਵਾਨ ਭਾਰਤ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਦੇ ਜਾਸੂਸ ਨੂੰ ਭੇਜ ਰਿਹਾ ਹੈ।

ਦੋਸ਼ ਲਗਾਇਆ ਜਾ ਰਿਹਾ ਹੈ ਕਿ ਕਾਲੇ ਪ੍ਰਕਾਸ਼ ਆਪਣੇ ਇੰਟਰਨੈੱਟ ਮੀਡੀਆ ਰਾਹੀਂ ਆਈਐਸਆਈ ਨੂੰ ਭਾਰਤੀ ਫੌਜ ਨਾਲ ਜੁੜੀ ਕੁਝ ਗੁਪਤ ਜਾਣਕਾਰੀ ਭੇਜ ਰਿਹਾ ਸੀ। ਸ਼ੁੱਕਰਵਾਰ ਨੂੰ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਉਸਦਾ ਮੋਬਾਈਲ ਸਾਈਬਰ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਪਾਕਿਸਤਾਨੀ ਜਾਸੂਸ ਦੇ ਨਾਲ ਕਿੰਨੀ ਦੇਰ ਤੋਂ ਸੰਪਰਕ ਵਿੱਚ ਸੀ। ਹਾਲਾਂਕਿ, ਮੁਲਜ਼ਮ ਜਵਾਨ ਤੋਂ ਦੇਰ ਰਾਤ ਜੁਆਇੰਟ ਇੰਟੈਰੋਗੇਸ਼ਨ ਸੈਂਟਰ (ਜੇਆਈਸੀ) ਵਿਖੇ ਪੁੱਛਗਿੱਛ ਕੀਤੀ ਜਾ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਜਵਾਨ ਪਾਕਿਸਤਾਨ ਲਈ ਜਾਸੂਸੀ ਕਰਦੇ ਫੜੇ ਗਏ ਹਨ। ਅੱਜ ਫੜੇ ਗਏ ਬੀਐਸਐਫ ਜਵਾਨ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਤੋਂ ਪੁੱਛਿਆ ਜਾ ਰਿਹਾ ਹੈ ਕਿ ਹੁਣ ਤੱਕ ਉਸ ਨੇ ਕਿਹੜੇ ਦਸਤਾਵੇਜ਼ ਪਾਕਿਸਤਾਨੀ ਜਾਸੂਸਾਂ ਨੂੰ ਦਿੱਤੇ ਹਨ।