Bullets and bricks pelted between : ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਗੁਰੂ ਕੀ ਵਡਾਲੀ ਵਿੱਚ ਰਾਤ ਵੇਲੇ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਦੋ ਧਿਰਾਂ ਵੱਲੋਂ ਇਕ-ਦੂਜੇ ’ਤੇ ਕਈ ਰਾਊਂਡ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਦੋਵਾਂ ਵਿੱਚ ਖੂਬ ਪੱਥਰਬਾਜ਼ੀ ਹੋਈ। ਇਸ ਝੜਪ ਵਿੱਚ ਪੰਜ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਸਾਰਿਆਂ ਨੂੰ ਛੇਹਰਟਾ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਗੁਰੂ ਕੀ ਵਡਾਲੀ ਵਿੱਚ ਅਚਾਨਕ ਗੋਲੀਆਂ ਦੀ ਆਵਾਜ਼ ਨਾਲ ਭਾਜੜਾਂ ਪੈ ਗਈਆਂ। ਸਾਜਨ, ਗੁਰਪ੍ਰੀਤ ਉਰਫ ਗੋਪੀ ਦਾ ਬੌਬੀ ਤੇ ਸਨੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਬੌਬੀ ਤੇ ਸਨੀ ਨੇ ਦੇਰ ਰਾਤ ਆਪਣੇ 30-40 ਸਾਥੀਆਂ ਨਾਲ ਸਾਜਨ, ਗੁਰਪ੍ਰੀਤ ਤੇ ਉਸ ਦੇ ਕੁਝ ਦੋਸਤਾਂ ’ਤੇ ਹਮਲਾ ਬੋਲ ਦਿੱਤਾ।
ਬੌਬੀ ਤੇ ਸਨੀ ਨੇ ਪਹਿਲਾਂ ਇਨ੍ਹਾਂ ’ਤੇ ਗੋਲੀਆਂ ਚਾਲੀਆਂ, ਜਦੋਂ ਉਹ ਜਾਨ ਬਚਾਉਣ ਲਈ ਭੱਜੇ ਤਾਂ ਇੱਟਾਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਸਾਜਨ, ਗੁਰਪ੍ਰੀਤ ਤੇ ਉਸ ਦੇ ਕੁਝ ਸਾਥੀਆਂ ਨੇ ਜਵਾਬ ਵਿੱਚ ਉਨ੍ਹਾਂ ’ਤੇ ਇੱਟਾਂ ਨਾਲ ਹਮਲਾ ਕੀਤਾ। ਲਗਭਗ ਇਕ ਘੰਟੇ ਤੱਕ ਇਲਾਕੇ ਵਿੱਚ ਖੂਬ ਗੁੰਡਾਗਰਦੀ ਹੋਈ। ਸੜਕ ਇੱਟਾਂ ਤੇ ਪੱਥਰਾਂ ਨਾਲ ਭਰ ਗਈ। ਲੋਕਾਂ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਚੌਕੀ ਗੁਰੂ ਕੀ ਵਡਾਲੀ ਵਿੱਚ ਦਿੱਤੀ। ਪਰ ਪੁਲਿਸ ਵਾਰਦਾਤ ਦੇ ਦੋ ਘੰਟੇ ਬਾਅਦ ਉਥੇ ਪਹੁੰਚੀ, ਉਦੋਂ ਤੱਕ ਦੋਵੇਂ ਧਿਰਾਂ ਦੇ ਲੋਕ ਫਰਾਰ ਹੋ ਚੁੱਕੇ ਸਨ, ਜਦਕਿ ਜ਼ਖਮੀਆਂ ਨੂੰ ਲੋਕਾਂ ਨੇ ਹਸਪਤਾਲ ਵਿੱਚ ਦਾਖਲ ਕਰਾਇਆ। ਜ਼ਖਮੀ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਸੱਜੀ ਅੱਖ ਵਿੱਚ ਗੰਭੀਰ ਸੱਟ ਲੱਗੀ ਹੈ। ਅੱਖ ਦੇ ਹੇਠਾਂ ਤੇ ਮੱਥੇ ’ਤੇ ਇੱਟ ਲੱਗਣ ਨਾਲ ਉਸ ਦਾ ਚਿਹਰਾ ਖੂਨ ਨਾਲ ਭਰ ਗਿਆ। ਹਸਪਤਾਲ ਵਿੱਚ ਦਾਖਲ ਗੁਰਪ੍ਰੀਤ ਦੀ ਹਾਲਤ ਸਥਰ ਦੱਸੀ ਜਾ ਰਹੀ ਹੈ। ਉਥੇ ਹੀ ਸਾਜਨ, ਹਰਪ੍ਰੀਤ ਸਿੰਘ, ਜੁਗਰਾਜ ਉਰਫ ਚੌੜਾ, ਅੰਗਰੇਜ਼ ਸਿੰਘ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ। ਪੁਲਿਸ ਦਸਤੇ ਨਾਲ ਪਹੁੰਚੇ ਏਸੀਪੀ ਵੈਸਟ ਦੇਵ ਦੱਤ ਨੇ ਦੋਹਾਂ ਧਿਰਾਂ ਦੇ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਹਸਪਤਾਲ ਵਿੱਚ ਇਲਾਜ ਕਰਵਾ ਰਹੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।