ਰੂਸ ਤੇ ਯੂਕਰੇਨ ਵਿਚਾਲੇ ਸ਼ਨੀਵਾਰ ਨੂੰ 10ਵੇਂ ਦਿਨ ਵੀ ਜੰਗ ਜਾਰੀ ਹੈ। ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਖਾਸ ਕਰਕੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਜਾਰੀ ਹੈ। ਸ਼ਨੀਵਾਰ ਨੂੰ ਭਾਰਤੀ ਅਧਿਕਾਰੀ ਪਿਸੋਚਿਨ ਵਿੱਚ ਫਸੇ ਨਾਗਰਿਕਾਂ ਤੱਕ ਪਹੁੰਚ ਕਰ ਰਹੇ ਹਨ। ਇਹ ਜਾਣਕਾਰੀ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੱਸਾਂ ਰਸਤੇ ਵਿੱਚ ਹਨ ਅਤੇ ਜਲਦੀ ਹੀ ਪਹੁੰਚਣ ਦੀ ਉਮੀਦ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਰੂਸ ਅਤੇ ਯੂਕਰੇਨ ਨੂੰ ਜੰਗਬੰਦੀ ਦੀ ਅਪੀਲ ਕੀਤੀ ਸੀ , ਤਾਂ ਜੋ ਮੁਸ਼ਕਲ ਖੇਤਰਾਂ ਤੋਂ ਲਗਭਗ 3,000 ਭਾਰਤੀਆਂ ਨੂੰ ਬਾਹਰ ਕੱਢਿਆ ਜਾ ਸਕੇ।
ਯੂਕਰੇਨ ਵਿੱਚ ਭਾਰਤੀ ਦੂਤਾਵਾਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖਾਰਕਿਵ ਦੇ ਪਿਸੋਚਿਨ ਤੋਂ 298 ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ। ਇਸ ਰਾਹੀਂ ਦਰਜਨਾਂ ਵਿਦਿਆਰਥੀਆਂ ਨੂੰ ਪਿਸੋਚਿਨ ਤੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੂੰ ਇੱਥੋਂ ਲਿਵ ਅਤੇ ਮੋਲਡੋਵਾ ਸਰਹੱਦ ‘ਤੇ ਲਿਜਾਇਆ ਗਿਆ ਸੀ ।
ਇਹ ਵੀ ਪੜ੍ਹੋ : ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ
ਇਸ ਤੋਂ ਪਹਿਲਾਂ ਇੱਕ ਮੀਡੀਆ ਬ੍ਰੀਫਿੰਗ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਸੀ ਕਿ ਸਰਕਾਰ ਦਾ “ਮੁੱਖ ਫੋਕਸ” ਪੂਰਬੀ ਯੂਕਰੇਨ ਵਿੱਚ ਸੰਘਰਸ਼ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਢੰਗ ਨਾਲ ਕੱਢਣਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਖਾਰਕਿਵ ਵਿੱਚ ਅੰਦਾਜ਼ਨ 300, ਸੁਮੀ ਵਿੱਚ 700 ਤੋਂ ਜ਼ਿਆਦਾ ਅਤੇ ਪਿਸੋਚਿਨ ਵਿੱਚ ਕਰੀਬ 1000 ਭਾਰਤੀ ਫਸੇ ਹੋਏ ਹਨ। ਪਿਸੋਚਿਨ ਖਾਰਕਿਵ ਤੋਂ ਲਗਭਗ 10 ਕਿਲੋਮੀਟਰ ਦੂਰ ਇੱਕ ਪਿੰਡ ਹੈ। ਹਾਲਾਂਕਿ ਇਸ ਨੂੰ ਮੁਕਾਬਲਤਨ ਸੁਰੱਖਿਅਤ ਥਾਂ ਕਿਹਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਬਾਗਚੀ ਨੇ ਕਿਹਾ ਸੀ ਕਿ ਆਦਰਸ਼ ਤੌਰ ‘ਤੇ ਸਾਨੂੰ ਸਥਾਨਕ ਜੰਗਬੰਦੀ ਜਾਂ ਇਸ ਤਰ੍ਹਾਂ ਦੀ ਕਿਸੇ ਚੀਜ਼ ਦੀ ਲੋੜ ਹੈ। ਉਨ੍ਹਾਂ ਦੱਸਿਆ ਸੀ ਕਿ ਗੋਲੀਬਾਰੀ ਅਤੇ ਸੰਘਰਸ਼ ਕਾਰਨ ਲੋਕਾਂ ਨੂੰ ਕੱਢਣਾ ਮੁਸ਼ਕਲ ਹੋਵੇਗਾ। ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਸੈਂਕੜੇ ਭਾਰਤੀ ਫਸੇ ਹੋਏ ਹਨ। ਅਜਿਹੇ ਵਿੱਚ ਲਗਾਤਾਰ ਸੰਘਰਸ਼ ਕਾਰਨ ਭਾਰਤ ਸਰਕਾਰ ਨੂੰ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: