Called mother on the canal : ਮੰਡੀ ਗੋਬਿੰਦਗੜ੍ਹ : ਪੰਜਾਬ ਦੇ ਮੰਡੀ ਗੋਬਿੰਦਗੜ ਦੇ ਪਿੰਡ ਨਸਰਾਲੀ ਦੇ ਸਰਹਿੰਦ ਵਿੱਚ ਦਿਲ ਵਲੂੰਧਰ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਅਤੇ ਜਦੋਂ ਉਸ ਦਾ ਚਚੇਰਾ ਭਰਾ ਉਸ ਨੂੰ ਬਚਾਉਣ ਲਈ ਗਿਆ ਤਾਂ ਉਹ ਵੀ ਨਹਿਰ ਵਿੱਚ ਵਹਿ ਗਿਆ। ਦੋਵਾਂ ਦੇ ਵਹਿਣ ਦੇ 24 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਉਥੇ ਹੀ ਨੌਜਵਾਨਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 26 ਸਾਲਾ ਕਿਰਨਜੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਨੌਂ ਵਜੇ ਉਨ੍ਹਾਂ ਦਾ ਪੁੱਤਰ ਕਿਰਨਜੀਤ ਨੇ ਘਰੋਂ ਜਾਂਦੇ ਹੋਏ ਉਸ ਨੂੰ ਕਿਹਾ ਕਿ “ਚੰਗਾ ਡੈਡੀ ਮੈਂ ਜਾ ਰਿਹਾ ਹਾਂ।”
ਉਨ੍ਹਾਂ ਦੱਸਿਆ ਕਿ ਬੇਟਾ ਬਹੁਤ ਘਬਰਾਇਆ ਹੋਇਆ ਸੀ ਪਰ ਉਨ੍ਹਾਂ ਧਿਆਨ ਨਹੀਂ ਦਿੱਤਾ। ਹਾਲਾਂਕਿ ਉਨ੍ਹਾਂ ਪੁੱਛਿਆ ਕਿ ਉਸ ਨੂੰ ਕਿਸ ਦਾ ਫੋਨ ਆਇਆ ਹੈ, ਇਸ ’ਤੇ ਉਸ ਨੇ ਨਾ ਵਿੱਚ ਜਵਾਬ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਕੰਮ ’ਤੇ ਚਲੇ ਗਏ। ਦੁਪਹਿਰ ਲਗਭਗ 12 ਵਜੇ ਬੇਟੇ ਕਿਰਨਜੀਤ ਨੇ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਕਿ ’ਮੰਮੀ ਤੂੰ ਨਹਿਰ ਤੇ ਆਜਾ, ਮੈਂ ਪਿੰਡ ਡੇਰਾ ਮੀਰ ਮੀਰਾ ਨਹਿਰ ਪੁਲ ’ਤੇ ਖੜ੍ਹਾ ਹਾਂ’।
ਇਸ ਤੋਂ ਬਾਅਦ ਉਹ ਭਾਖੜਾ ਨਹਿਰ ਦੇ ਪੁਲ ‘ਤੇ ਮਾਂ ਦਾ ਇੰਤਜ਼ਾਰ ਕਰਦਾ ਰਿਹਾ। ਪਰਮਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਪੁੱਤਰ ਕਿਰਨਜੀਤ ਨੇ ਆਪਣੀ ਮਾਂ ਨੂੰ ਪੁਲ ਦੇ ਕੋਲ ਆਉਂਦੇ ਵੇਖਿਆ, ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਦੀ ਪਤਨੀ ਦੇ ਨਾਲ ਗਏ ਕਿਰਨਜੀਤ ਦੇ ਚਾਚੇ ਦੇ ਲੜਕੇ ਪਵਿੱਤਰ ਸਿੰਘ (25) ਨੇ ਉਸ ਨੂ ਬਚਾਉਣ ਲਈ ਰੱਸੀ ਸੁੱਟੀ ਤਾਂ ਉਹ ਵੀ ਪੈਰ ਫਿਸਲਣ ਨਾਲ ਨਹਿਰ ਵਿੱਚ ਵਹਿ ਗਿਆ।
ਕਰਨਜੀਤ ਦੀ ਮਾਂ ਨਹਿਰ ਦੇ ਕੰਢੇ ਰੌਲਾ ਪਾਉਂਦੀ ਰਹੀ ਅਤੇ ਮਦਦ ਲਈ ਚੀਕਦੀ ਰਹੀ। ਇਸ ਦੌਰਾਨ ਕੁਝ ਪਿੰਡ ਵਾਸੀ ਵੀ ਪਹੁੰਚੇ। ਪਿੰਡ ਵਾਸੀਆਂ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਸਫਲ ਰਹੇ। ਦੋਵੇਂ ਨੌਜਵਾਨ ਨਹਿਰ ਵਿੱਚ ਵਹਿ ਰਹੇ ਸਨ ਅਤੇ ਉਨ੍ਹਾਂ ਦੀ ਮਾਂ ਨਹਿਰ ਦੇ ਕਿਨਾਰੇ ਦੌੜਦੀ ਰਹੀ। ਤਕਰੀਬਨ ਇੱਕ ਕਿਲੋਮੀਟਰ ਤੱਕ ਦੋਵੇਂ ਨੌਜਵਾਨ ਆਪਣੀ ਮਾਂ ਨੂੰ ਦਿਖਾਈ ਦਿੱਤੇ, ਇਸ ਤੋਂ ਬਾਅਦ ਹ ਪਾਣੀ ਵਿਚ ਵਹਿ ਗਏ ਅਤੇ ਦਿਖਾਈ ਦੇਣਾ ਬੰਦ ਹੋ ਗਏ।
ਸਰਹਿੰਦ ਥਾਣੇ ਦੇ ਐਸਐਚਓ ਰਜਨੀਸ਼ ਸੂਦ ਨੇ ਦੱਸਿਆ ਕਿ ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਪਰਿਵਾਰ ਦੇ ਬਿਆਨ ‘ਤੇ ਡੀ.ਡੀ.ਆਰ. ਦਰਜ ਕੀਤੀ ਹੈ ਅਤੇ ਦੋਵਾਂ ਦੀ ਭਾਵ ਜਾਰੀ ਹੈ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਸਾਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। ਨੌਜਵਾਨ ਨੇ ਨਹਿਰ ਵਿੱਚ ਛਾਲ ਕਿਉਂ ਮਾਰੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।