Canada based Businessman : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨਾਂ ਦਾ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਸੰਘਰਸ਼ ਜਾਰੀ ਹੈ। ਕਿਸਾਨ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ‘ਤੇ ਅੜੇ ਹੋਏ ਹਨ ਪਰ ਸਰਕਾਰ ਸੋਧ ਕਰਨ ਦੀ ਗੱਲ ਤਾਂ ਮੰਨ ਰਹੀ ਹੈ ਪਰ ਰੱਦ ਕਰਨ ਦੀ ਨਹੀਂ। ਕੜਾਕੇ ਦੀ ਠੰਡ ਵਿੱਚ ਵੀ ਕਿਸਾਨਾਂ ਦੇ ਹੌਂਸਲੇ ਬਰਕਰਾਰ ਹਨ। ਇਸ ਦੌਰਾਨ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਤੇ ਪੰਜਾਬੀ ਵੀ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ। ਕਿਸਾਨ ਅੰਦੋਲਨ ਦੇ ਚੱਲਦਿਆਂ ਕੈਨੇਡਾ ਦੇ ਇੱਕ ਕਾਰੋਬਾਰ ਜੋ 30 ਸਾਲਾਂ ਤੋਂ ਟੋਰਾਂਟੋ ਵਿੱਚ ਬਿਜ਼ਨੈੱਸ ਕਰ ਰਹੇ ਸਨ ਭਾਰਤ ਵਾਪਿਸ ਆ ਗਏ ਅਤੇ ਹੁਣ ਅੰਦੋਲਨ ਕਾਰਨ ਲੰਮੇ ਸਮੇਂ ਤੱਕ ਰੁਕਣ ਦਾ ਮਨ ਬਣਾ ਲਿਆ।
ਪਿਛਲੇ 30 ਸਾਲਾਂ ਤੋਂ ਟੋਰਾਂਟੋ ਵਿੱਚ ਕਾਰੋਬਾਰੀ ਰਹੇ ਗੁਰਬਖਸ਼ ਸਿੰਘ ਜੋ ਕਿ ਮੂਲ ਰੂਪ ਤੋਂ ਪੰਜਾਬ ਦੇ ਨਵਾਂ ਸ਼ਹਿਰ ਦਾ ਰਹਿਣ ਵਾਲੇ ਹਨ, ਨੇ ਕਿਹਾ ਕਿ ਉਹ ਪਿਛਲੇ ਹਫਤੇ ਭਾਰਤ ਵਿੱਚ ਆਏ ਹਜ਼ਾਰਾਂ ਕਿਸਾਨ ਪਰਿਵਾਰਾਂ ਦੇ ‘ਜ਼ਮੀਨੀ ਮਾਲਕੀਅਤ ਨੂੰ ਖ਼ਤਰਾ ਪੈਦਾ ਕਰਨ ਵਾਲੇ’ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਦਾ ਹਿੱਸਾ ਬਣਨ ਲਈ ਆਏ ਸਨ। ਉਨ੍ਹਾਂ ਕਿਹਾ ਕਿ “ਹਾਲਾਂਕਿ ਮੇਰੇ ਕੋਲ ਮੇਰੀ ਰਿਟਰਨ ਟਿਕਟ ਅਗਲੇ ਹਫਤੇ ਲਈ ਬੁੱਕ ਹੋ ਗਈ ਹੈ, ਇਸ ਸਭ ਨੂੰ ਵੇਖਣ ਤੋਂ ਬਾਅਦ, ਮੈਂ ਸੋਚ ਰਿਹਾ ਹਾਂ ਕਿ ਮੈਨੂੰ ਇਥੇ ਲੰਮੇ ਸਮੇਂ ਲਈ ਰਹਿਣਾ ਚਾਹੀਦਾ ਹੈ।,” ਹਾਲਾਂਕਿ ਉਹ ਨਵਾਂ ਸ਼ਹਿਰ ਵਿੱਚ ਆਪਣੇ ਜੱਦੀ ਘਰ ਵਿੱਚ ਰਹਿ ਰਹੇ ਹਨ, ਹਰ ਦੋ ਦਿਨਾਂ ਵਿੱਚ ਸਿੰਘੂ ਬਾਰਡਰ ‘ਤੇ ਰੋਸ ਮੁਜ਼ਾਹਰੇ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਥੇ ਸਿਰਫ ਇਸ ਲਈ ਨਹੀਂ ਰੁਕਣਾ ਚਾਹੁੰਦੇ ਕਿਉਂਕਿ ਉਹ ਇੱਕ ਕਿਸਾਨ ਹਨ, ਸਗੋਂ ਕਿਸਾਨ ਜੋ ਦੇਸ਼ ਦੇ ਸਭ ਤੋਂ ਅਹਿਮ ਨਾਗਰਿਕ ਹਨ, ਨਾਲ ਬੇਇਨਸਾਫੀ ਹੋ ਰਹੀ ਹੈ।
ਦੱਸਣਯੋਗ ਹੈ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਹਜ਼ਾਰਾਂ ਕਿਸਾਨ ਤਿੰਨ ਹਫਤਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਕਈ ਸਰਹੱਦਾਂ ‘ਤੇ ਡੇਰਾ ਲਗਾ ਰਹੇ ਹਨ, ਉਨ੍ਹਾਂ ਮੰਗ ਕੀਤੀ ਹੈ ਕਿ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਉਹ ਕਾਰਪੋਰੇਟ ਘਰਾਨਿਆਂ ਦੇ ਰਹਿਮੋ-ਕਰਮ ਹੇਠ ਆ ਜਾਣਗੇ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਸੋਧਾਂ ਦੇ ਲਈ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਸਰਕਾਰ ਦੇ ਤਾਜ਼ਾ ਸੋਧਾਂ ਦੇ ਪ੍ਰਸਤਾਵ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਬਿਨਾਂ ਕਿਸੇ ਸ਼ਰਤ ਤੋਂ ਗੱਲਬਾਤ ਦੇ ਟੇਬਲ ’ਤੇ ਆਵੇ, ਅਤੇ ਤਿੰਨੋਂ ਕਾਨੂੰਨਾਂ ਨੂੰ ਵਾਪਿਸ ਲਏ।