Captain accuses Harsimrat and paswan : ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ‘ਤੇ ਕੇਂਦਰੀ ਖੁਰਾਕ ਮੰਤਰੀ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਅਨਾਜ ਦੀ ਸੂਬੇ ਅੰਦਰ ਵੰਡ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਕੀਤੇ ਜਾਣ ਨੂੰ ਮੁੱਢੋਂ ਰੱਦ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਦੇ ਉਲਟ ਦਾਲ ਦੀ ਮਿਕਦਾਰ 50 ਫੀਸਦ ਘੱਟ ਮੁਹੱਈਆ ਕਰਵਾਈ ਗਈ ਹੈ ਜਿਸ ਦੀ ਅਣਹੋਂਦ ਕਾਰਨ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕਣਕ ਦੀ ਵੰਡ ਵੀ ਨਹੀਂ ਕੀਤੀ ਜਾ ਸਕੀ। ਮੁੱਖ ਮੰਤਰੀ ਵੱਲੋਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਵੱਲੋਂ ਕੀਤੇ ਟਵੀਟ ਦਾ ਜਵਾਬ ਦਿੱਤਾ ਗਿਆ ਜਿਸ ਵਿੱਚ ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਰਾਸ਼ਨ ਦੀ ਸੂਬੇ ਅੰਦਰ ਵੰਡ ਲਈ ਆਖਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕਰਫਿਊ/ਲੌਕਡਾਊਨ ਦੌਰਾਨ ਯੋਗ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾਣੀ ਸੀ ਪਰ ਸਚਾਈ ਇਹ ਹੈ ਕਿ ਸੂਬੇ ਦੇ ਗੁਦਾਮਾਂ ਅੰਦਰ ਕਣਕ ਪਹਿਲਾਂ ਹੀ ਚੋਖੀ ਮਿਕਦਾਰ ਵਿੱਚ ਪਈ ਹੈ ਜਦੋਂਕਿ ਕੇਂਦਰ ਵੱਲੋਂ ਦਾਲਾਂ ਦੀ ਲੋੜੀਂਦੀ ਸਪਲਾਈ ਨਹੀਂ ਕੀਤੀ ਜਾ ਰਹੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਖਰੀਦ ਕੀਤੇ ਅਨਾਜ ਦੀ ਢੁਆਈ ਨੂੰ ਤੇਜ਼ ਕਰਨ ਲਈ ਲਗਾਤਾਰ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਰਾਬਤਾ ਰੱਖ ਰਹੇ ਸਨ ਤਾਂ ਜੋ ਇਹ ਭੰਡਾਰਨ ਸਹੂਲਤਾਂ ਦੀ ਘਾਟ ਕਾਰਨ ਅਨਾਜ ਖੁੱਲੇ ਵਿੱਚ ਖਰਾਬ ਨਾ ਹੋਵੇ। ਉਨਾਂ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਅਨਾਜ ਨੂੰ ਖਰਾਬ ਹੋਣ ਤੋਂ ਬਚਾਉਣ ਅਨਾਜ ਨੂੰ ਜਲਦ ਚੁੱਕੇ ਖਾਸਕਰ ਕੋਵਿਡ ਦਰਮਿਆਨ ਲੌਕਡਾਊਨ ਦੇ ਇਸ ਸੰਵੇਦਨਸ਼ੀਲ ਸਮੇਂ ਦੇ ਮੌਕੇ ਜਦੋਂ ਪੂਰੇ ਮੁਲਕ ਵਿੱਚ ਲੱਖਾਂ ਗਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਏ ਜਾਣਾ ਅਤੀ ਜ਼ਰੂਰੀ ਹੈ। ਕੇਂਦਰੀ ਅਨਾਜ ਦੀ ਵੰਡ ਦੇ ਮਾਮਲੇ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਖੁਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਗਏ ਦਾਅਵਿਆਂ ਦੇ ਉਲਟ ਪੰਜਾਬ ਨੂੰ 1 ਮਈ, 2020 ਤੱਕ ਕੇਂਦਰ ਵੱਲੋਂ 10800 ਮੀਟਰਕ ਟਨ ਦਾਲ ਦੇ ਕੀਤੇ ਵਾਅਦੇ ਦੀ ਥਾਂ ਕੇਵਲ 2500 ਮੀਟਰਕ ਟਨ ਹੀ ਮੁਹੱਈਆ ਕਰਵਾਈ ਗਈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵੱਲੋਂ ਦਾਲ ਦੀ ਮੁੱਢਲੀ ਉਪਲਬਧਤਾ ਨਾਲ ਹੀ 1 ਮਈ, 2020 ਨੂੰ ਹੀ ਕਣਕ ਦੀ ਵੰਡ ਵੀ ਸੂਬੇ ਅੰਦਰ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਮੌਜੂਦਾ ਸਮੇਂ 18 ਜ਼ਿਲਿਆਂ ਵੰਡ ਦਾ ਇਹ ਕੰਮ ਚੱਲ ਰਿਹਾ ਹੈ। ਲੌਕਡਾਊਨ ਦਰਮਿਆਨ ਜ਼ਿੰਦਾ ਰਹਿਣ ਲਈ ਸੰਘਰਸ਼ ਕਰਦੇ ਲੋਕਾਂ ਦੀਆਂ ਫੌਰੀ ਲੋੜਾਂ ਦੀ ਪੂਰਤੀ ਵਾਸਤੇ ਸੂਬਾ ਸਰਕਾਰ ਨੇ ਸੁੱਕੇ ਰਾਸ਼ਨ ਦੇ 15 ਲੱਖ ਪੈਕੇਟ ਵੰਡਣ ਲਈ ਆਪਣੇ ਬਜਟ ਵਿੱਚੋਂ ਖਰਚਾ ਕੀਤਾ ਹੈ ਅਤੇ ਹਰੇਕ ਪੈਕੇਟ ਵਿੱਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਵੰਡੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਕੌਮੀ ਖੁਰਾਕ ਸੁਰੱਖਿਆ ਐਕਟ ਹੇਠ ਹਰੇਕ ਲਾਭਪਾਤਰੀ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ ਦਿੱਤੀ ਜਾ ਰਹੀ ਹੈ ਪਰ ਪੰਜਾਬ ਵਿੱਚ ਸਰਕਾਰ ਇਕੋ ਵਾਰ ਹੀ ਛੇ ਮਹੀਨਿਆਂ ਦੀ ਕਣਕ ਵੰਡ ਦਿੰਦੀ ਹੈ ਜਿਸ ਨਾਲ ਹਰੇਕ ਪਰਿਵਾਰ ਦੇ ਮੈਂਬਰ ਨੂੰ 30 ਕਿਲੋ ਕਣਕ ਮਿਲ ਜਾਂਦੀ ਹੈ। ਉਨਾਂ ਦੱਸਿਆ ਕਿ ਐਨ.ਐਫ.ਐਸ.ਏ. ਅਧੀਨ ਇਸ ਸਾਲ ਕਣਕ ਦੀ ਆਖਰੀ ਵੰਡ ਫਰਵਰੀ-ਮਾਰਚ ਵਿੱਚ ਹੋਣ ਨਾਲ ਚਾਰ ਜੀਆਂ ਦੇ ਔਸਤਨ ਪਰਿਵਾਰ ਨੂੰ 120 ਕਿਲੋ ਕਣਕ ਮਿਲ ਗਈ ਪਰ ਫੌਰੀ ਲੋੜ ਦਾਲ ਦੀ ਸੀ ਜੋ ਭਾਰਤ ਸਰਕਾਰ ਵੱਲੋਂ ਦੇਰੀ ਨਾਲ ਸਪਲਾਈ ਕੀਤੀ ਗਈ ਅਤੇ ਉਹ ਵੀ ਸੀਮਿਤ ਮਾਤਰਾ ਵਿੱਚ ਦਿੱਤੀ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਬਦਕਿਸਮਤੀ ਨਾਲ ਦਾਲ ਦੀ ਅਣਹੋਂਦ ਹੋਣ ਕਰਕੇ ਕੇਂਦਰੀ ਪੂਲ ਦੀ ਕਣਕ ਵੀ ਨਹੀਂ ਵੰਡੀ ਜਾ ਸਕੀ ਕਿਉਂ ਜੋ ਡਿਪੂ ਹੋਲਡਰ 10-15 ਦਿਨ ਦੇ ਸਮੇਂ ਅੰਦਰ ਕਣਕ ਤੇ ਦਾਲ ਵੰਡਣ ਲਈ ਲਾਭਪਾਤਰੀਆਂ ਨੂੰ ਦੋ ਵਾਰ ਬੁਲਾ ਕੇ ਇਕੱਤਰ ਨਹੀਂ ਕਰ ਸਕਦੇ ਸਨ ਕਿਉਂਕਿ ਇਸ ਨਾਲ ਰਾਸ਼ਨ ਡਿਪੂਆਂ ਦੇ ਬਾਹਰ ਭੀੜ ਜਮਾਂ ਹੋ ਜਾਣੀ ਸੀ ਜੋ ਸਮਾਜਿਕ ਦੂਰੀ ਦੇ ਨੇਮਾਂ ਦਾ ਬੁਰਾ ਅਸਰ ਪਾਉਂਦੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਣਕ ਨਾਲ ਵੰਡੀ ਜਾਣ ਵਾਲੀ ਦਾਲ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਸੀ।
ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਆਪਣੇ ਬੇਬੁਨਿਆਦ ਦਾਅਵਿਆਂ ਅਤੇ ਦੋਸ਼ਾਂ ਰਾਹੀਂ ਕੇਂਦਰ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ ਲਈ ਆਖਿਆ। ਉਨਾਂ ਕਿਹਾ ਕਿ ਕੇਂਦਰੀ ਮੰਤਰੀ ਦੇ ਇਨਾਂ ਖੋਖਲੇ ਦਾਅਵਿਆਂ ਦਾ ਉਦੇਸ਼ ਅਕਾਲੀਆਂ ਦੇ ਹਿੱਤ ਪੂਰਨੇ ਹਨ। ਉਨਾਂ ਕਿਹਾ ਕਿ ਅਜਿਹੇ ਖੋਖਲੇ ਦਾਅਵਿਆਂ ਦੇ ਗੰਭੀਰ ਸਿੱਟਿਆਂ ਅਤੇ ਇਨਾਂ ਦਾ ਲੋਕਾਂ ਦੇ ਮਨੋਬਲ ’ਤੇ ਪੈਣ ਵਾਲੇ ਅਸਰ ਦੀ ਪ੍ਰਵਾਹ ਕੀਤੇ ਬਿਨਾਂ ਅਕਾਲੀ ਪਿਛਲੇ ਕੁਝ ਹਫਤਿਆਂ ਤੋਂ ਕੋਵਿਡ ਦੇ ਗੰਭੀਰ ਮਸਲੇ ’ਤੇ ਵੀ ਸੌੜੀ ਸਿਆਸਤ ਖੇਡ ਰਹੇ ਹਨ।